ਉੱਤਰੀ ਭਾਰਤ 'ਚ ਡਿਗਿਆ ਪਾਰਾ, ਜੰਮੂ-ਕਸ਼ਮੀਰ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

ਉੱਤਰੀ ਭਾਰਤ 'ਚ ਡਿਗਿਆ ਪਾਰਾ, ਜੰਮੂ-ਕਸ਼ਮੀਰ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ

image

ਨਵੀਂ ਦਿੱਲੀ, 19 ਨਵੰਬਰ: ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕੁਝ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਤੋਂ ਬਾਅਦ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਾਰਾ ਘੱਟ ਗਿਆ ਹੈ। ਪਹਾੜਾਂ ਵਿਚ ਹੋਈ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ ਵਿਚ ਸ਼ੀਤ ਲਹਿਰ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਥੇ, ਪੂਰਬੀ ਉੱਤਰ ਪ੍ਰਦੇਸ਼ ਵਿਚ ਵੀਰਵਾਰ ਨੂੰ ਧੁੰਦ ਕਾਰਨ ਜਨਜੀਵਨ ਪ੍ਰਭਾਵਤ ਰਿਹਾ। ਤਾਮਿਲਨਾਡੂ, ਪੁਡੂਚੇਰੀ, ਕੇਰਲਾ, ਭਾਰਤ ਦੇ ਦੱਖਣੀ ਹਿੱਸਿਆਂ ਵਿਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨੀਆਂ ਅਤੇ ਸਰਕਾਰੀ ਏਜੰਸੀਆਂ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਮੌਸਮ ਵਿਚ ਕੋਈ ਖ਼ਾਸ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ। ਸੀਜ਼ਨ ਦੀ ਪਹਿਲੀ ਬਰਫ਼ਬਾਰੀ ਤੋਂ ਦੋ ਦਿਨ ਬਾਅਦ ਹਿਮਾਚਲ ਪ੍ਰਦੇਸ਼ ਵਿਚ ਠੰਢ ਸਿਖਰ ਉੱਤੇ ਪਹੁੰਚ ਗਈ ਹੈ। ਲਾਹੌਲ ਅਤੇ ਸਪੀਤੀ ਦੇ ਕੀਲੋਂਗ ਵਿਚ ਸਭ ਤੋਂ ਘੱਟ ਤਾਪਮਾਨ ਮਨਫ਼ੀ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਿੰਨੌਰ ਵਿਚ ਕਲਪਾ ਵਿਚ ਘੱਟੋ ਘੱਟ ਤਾਪਮਾਨ ਜ਼ੀਰੋ ਤੋਂ 2.1 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਕੁਫ਼ਰੀ ਦਾ ਘੱਟੋ ਘੱਟ ਤਾਪਮਾਨ 3 ਡਿਗਰੀ ਸੈਲਸੀਅਸ, ਡਲਹੌਜ਼ੀ 4.8 ਡਿਗਰੀ ਸੈਲਸੀਅਸ, ਮਨਾਲੀ 5 ਡਿਗਰੀ ਸੈਲਸੀਅਸ ਅਤੇ ਸ਼ਿਮਲਾ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਰਾਜਸਥਾਨ ਦੇ ਕਈ ਹਿੱਸਿਆਂ ਵਿਚ ਰਾਤ ਦਾ ਤਾਪਮਾਨ ਰੀਕਾਰਡ ਕੀਤਾ ਗਿਆ ਹੈ। ਮਾਊਟ ਆਬੂ ਵਿਚ ਸਭ ਤੋਂ ਘੱਟ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੁਰੂ ਵਿਚ ਰਾਤ ਦਾ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਨਾਲੋਂ ਪੰਜ ਡਿਗਰੀ ਘੱਟ ਸੀ।
ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਰਾਜ ਵਿਚ ਤਾਪਮਾਨ ਹੋਰ ਘੱਟ ਜਾਵੇਗਾ। ਸੰਘਣੀ ਧੁੰਦ ਦੀ ਪਰਤ ਹਿਮਾਚਲ ਪ੍ਰਦੇਸ਼ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕਰ ਰਹੀ ਹੈ। (ਏਜੰਸੀ)

ਮੌਸਮ ਵਿਭਾਗ ਨੇ ਵੀਰਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਾਰਸ਼ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਗੁਲਮਰਗ ਵਿਚ ਘੱਟੋ ਘੱਟ ਤਾਪਮਾਨ 0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਚਾਰ ਡਿਗਰੀ ਘੱਟ ਹੈ।  ਜੰਮੂ ਅਤੇ ਸ੍ਰੀਨਗਰ ਵਿੱਚ ਘੱਟੋ ਘੱਟ ਤਾਪਮਾਨ ਕ੍ਰਮਵਾਰ 9.5 ਡਿਗਰੀ ਅਤੇ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। (ਏਜੰਸੀ)