ਚੰਡੀਗੜ੍ਹ - ਕਿਸਾਨ ਜੱਥੇਬੰਦੀਆਂ ਦੇ ਧਰਨਿਆਂ ਕਾਰਨ ਸ਼ਹਿਰੀ ਵਰਗ ਵਿੱਚ ਵੱਧ ਰਹੇ ਗੁੱਸੇ ਅਤੇ ਅਰਥਵਿਵਸਥਾ ਨੇ ਕਾਂਗਰਸ ਪਾਰਟੀ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਿਸਾਨ ਜੱਥੇਬੰਦੀਆਂ ਨੂੰ ਆਪਣੇ ਹੀ ਘਰ ਜਲਾ ਕੇ ਹੱਥ ਨਹੀਂ ਸੇਕਣੇ ਚਾਹੀਦੇ। ਸਾਰਾ ਪੰਜਾਬ ਕਿਸਾਨਾਂ ਦੇ ਨਾਲ ਖੜ੍ਹਾ ਸੀ ਪਰ ਸਭ ਨੂੰ ਨਾਲ ਲੈਣ ਦੀ ਜ਼ਿੰਮੇਵਾਰੀ ਵੀ ਕਿਸਾਨ ਜੱਥੇਬੰਦੀਆਂ ਦੀ ਸੀ।
ਜੇ ਆਰਥਿਕਤਾ ਬਰਬਾਦ ਹੋ ਜਾਂਦੀ ਹੈ ਤਾਂ ਕੋਈ ਵੀ ਇਸ ਤੋਂ ਵਾਂਝਾ ਨਹੀਂ ਰਹੇਗਾ। ਇਸ ਦੇ ਨਾਲ ਹੀ ਜਾਖੜ ਨੇ ਖੇਤੀ ਦੇ ਮੁੱਦੇ 'ਤੇ ਪੰਜਾਬ ਵਿਚ ਰਿਫਰੈਂਡਮ ਕਰਵਾਉਣ ਦੀ ਮੰਗ ਉਠਾਈ ਹੈ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦਾ ਸੰਘਰਸ਼ ਲੰਬਾ ਚੱਲੇਗਾ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਭਾਵੁਕ ਹੋ ਕੇ ਕਿਸਾਨ ਅਪਣਾ ਘਰ ਹੀ ਨਾ ਫੁਕ ਲੈਣ।
ਇਸ ਤੋਂ ਪਹਿਲਾਂ 20 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਅਸਤੀਫ਼ਾ ਉਨ੍ਹਾਂ ਦੀ ਜੇਬ ਵਿਚ ਹੈ। ਕੇਂਦਰ ਸਰਕਾਰ ਨੂੰ ਇਨ੍ਹਾਂ ਨੂੰ ਬਰਖਾਸਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਉਹ ਇਸ ਤੋਂ ਪਹਿਲਾਂ ਹੀ ਅਸਤੀਫਾ ਦੇ ਦੇਣਗੇ। ਜਾਖੜ ਨੇ ਕਿਹਾ, ਕਿਸਾਨ ਜੱਥੇਬੰਦੀਆਂ ਨੂੰ ਰੇਲ ਗੱਡੀਆਂ ਨੂੰ ਚੱਲਣ ਤੋਂ ਨਹੀਂ ਰੋਕਣਾ ਚਾਹੀਦਾ।
ਇਸ ਦੇ ਨਾਲ ਹੀ, ਕੇਂਦਰ ਨੂੰ ਵੀ ਮਾਲ ਗੱਡੀਆਂ ਤੁਰੰਤ ਚਲਾਉਣੀਆਂ ਚਾਹੀਦੀਆਂ ਹਨ, ਕਿਉਂਕਿ ਪੰਜਾਬ ਵਿਚ ਯੂਰੀਆ ਦੀ ਕਮੀ ਆ ਗਈ ਹੈ। ਇਸ ਦਾ ਅਸਰ ਕਿਸਾਨਾਂ 'ਤੇ ਹੀ ਪਵੇਗਾ। ਜਦੋਂ ਜਾਖੜ ਨੂੰ ਪੁੱਛਿਆ ਗਿਆ ਕਿ ਕਿਸਾਨ ਸੰਗਠਨ ਜਿਸ ਪ੍ਰਕਾਰ ਟ੍ਰੇਨਾਂ ਚਲਾਉਣ ਲਈ ਸ਼ਰਤਾਂ ਰੱਖ ਰਹੇ ਹਨ, ਸਰਕਾਰ ਇਹਨਾਂ ਸ਼ਰਤਾਂ 'ਤੇ ਚੱਲ ਸਕਦੀ ਹੈ? ਇਸ ਦੇ ਜਵਾਬ ਵਿਚ ਜਾਖੜ ਨੇ ਕਿਹਾ, ਸਰਕਾਰਾਂ ਸ਼ਰਤਾਂ ‘ਤੇ ਨਹੀਂ ਚਲਦੀਆਂ ਪਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।