ਸਿੱਧੂ ਮੂਸੇਵਾਲਾ ਦੇ ਗੀਤ 'ਬਾਈ-ਬਾਈ' ਵਿਰੁਧ ਵੀਡੀਉ ਕੰਪਨੀ ਨੂੰ ਨੋਟਿਸ ਜਾਰੀ
ਸਿੱਧੂ ਮੂਸੇਵਾਲਾ ਦੇ ਗੀਤ 'ਬਾਈ-ਬਾਈ' ਵਿਰੁਧ ਵੀਡੀਉ ਕੰਪਨੀ ਨੂੰ ਨੋਟਿਸ ਜਾਰੀ
ਚੰਡੀਗੜ੍ਹ, 19 ਨਵੰਬਰ (ਸੁਰਜੀਤ ਸਿੰਘ ਸੱਤੀ) : ਸਿੱਧੂ ਮੂਸੇਵਾਲਾ ਦੇ ਗੀਤ ੱਬਾਈ-ਬਾਈ ਦੀ ਵੀਡੀਉ 'ਚ ਵਿਖਾਈ ਕੁੱਕੜਾਂ ਦੀ ਲੜਾਈ ਐਨੀਮਲ ਵੈਲਫ਼ੇਅਰ ਬੋਰਡ ਕੋਲ ਪੁੱਜ ਗਈ ਹੈ।
ਪ੍ਰੋਫ਼ੈਸਰ ਪੰਡਤ ਧਰੇਨਵਰ ਨੇ ਇਸ ਗੀਤ ਨੂੰ ਗੈਂਗਸਟਰ ਗੀਤ ਦਸਦਿਆਂ ਬੋਰਡ ਕੋਲ ਸ਼ਿਕਾਇਤ ਕੀਤੀ ਹੈ ਕਿ ਕੁੱਕੜਾਂ ਦੀ ਲੜਾਈ 'ਤੇ ਸੁਪਰੀਮ ਕੋਰਟ ਨੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਟਰੂ ਮੋਕਰਸ ਐਂਡ ਗੋਲਡ ਮੀਡੀਆ ਐਂਟਰਟੇਨਮੈਂਟ ਨੇ ਕੁਕੜਾਂ ਦੀ ਲੜਾਈ ਹੀ ਨਹੀਂ ਵੀਡੀਉ ਵਿਚ ਵਿਖਾਈ ਸਗੋਂ ਹੋਰ ਜਾਨਵਰ ਵੀ ਵੀਡੀਉ ਵਿਚ ਵਿਖਾਏ ਤੇ ਇਸ ਲਈ ਵੈਲਫ਼ੇਅਰ ਬੋਰਡ ਕੋਲੋਂ ਕੋਈ ਇਜਾਜ਼ਤ ਵੀ ਨਹੀਂ ਲਈ। ਇਨ੍ਹਾਂ ਦੋਸ਼ਾਂ ਨਾਲ ਕਾਰਵਾਈ ਦੀ ਮੰਗ ਕੀਤੇ ਜਾਣ 'ਤੇ ਬੋਰਡ ਨੇ ਮੀਡੀਆ ਕੰਪਨੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ ਅਤੇ ਕਿਹਾ ਹੈ ਕਿ ਕਿਉਂ ਨਾ ਉਸ ਵਿਰੁਧ ਅਪਰਾਧਕ ਸ਼ਿਕਾਇਤ ਕੀਤੀ ਜਾਵੇ। ਬੋਰਡ ਨੇ ਕਿਹਾ ਹੈ ਕਿ ਕੁੱਕੜਾਂ ਦੀ ਲੜਾਈ ਨੂੰ ਮਨੋਰੰਜਨ ਦੇ ਸਾਧਨ ਵਜੋਂ ਵਰਤਿਆ ਗਿਆ ਹੈ ਤੇ ਇਹ ਕਾਰਵਾਈ ਪਰਿਵੈਂਸ਼ਨ ਆਫ਼ ਕਰੁਲਟੀ ਟੂ ਐਨੀਮਲ ਐਕਟ ਦੀ ਉਲੰਘਣਾ ਹੈ ਤੇ ਨਾ ਹੀ ਬੋਰਡ ਤੋਂ ਐਨਓਸੀ ਲਈ ਗਈ। ਕੰਪਨੀ ਤੋਂ 7 ਦਿਨਾਂ ਵਿਚ ਜਵਾਬ ਮੰਗਿਆ ਗਿਆ ਹੈ। ਅਜੇ ਮੂਸੇਵਾਲਾ ਨੂੰ ਨੋਟਿਸ ਨਹੀਂ ਹੋਇਆ ਹੈ, ਸ਼ਿਕਾਇਤਕਰਤਾ ਪੰਡਤ ਧਰੋਨਵਰ ਦਾ ਕਹਿਣਾ ਹੈ ਕਿ ਕੰਪਨੀ ਵਿਰੁਧ ਕਾਰਵਾਈ ਉਪਰੰਤ ਮੂਸੇਵਾਲਾ ਵਿਰੁਧ ਕਾਰਵਾਈ ਦੀ ਸੰਭਾਵਨਾ ਹੈ।