ਔਕਲੈਂਡ, 19 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) : ਅੱਜ ਜਿੱਥੇ ਦੇਸ਼-ਵਿਦੇਸ਼ ਦੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ ਤੇ ਖੁਸ਼ੀਆਂ ਹਨ, ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬਾ ਦਾ ਲਾਂਘਾ ਖੁੱਲ੍ਹ ਗਿਆ ਹੈ ਉਤੇ ਉਥੇ ਭਾਰਤੀ ਕਿਸਾਨੀ ਦੇ ਲਈ ਇਕ ਹੋਰ ਖੁਸ਼ੀ ਦੇ ਵਿਚ ਉਦੋਂ ਵਾਧਾ ਹੋ ਕੇ ਇਹ ਖੁਸ਼ੀਆਂ ਉਦੋਂ ਤਿੰਨ ਗੁਣਾ ਹੋ ਗਈਆਂ ਜਦੋਂ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਹ ਐਲਾਨ ਕਰ ਦਿੱਤਾ ਸਰਕਾਰ ਅਗਲੇ ਸੈਸ਼ਨ ਦੇ ਵਿਚ ਤਿੰਨ ਕਿਸਾਨੀ ਬਿੱਲਾਂ ਨੂੰ ਰੱਦ ਕਰਨ ਦਾ ਪ੍ਰਸਤਾਵ ਲੈ ਕੇ ਆਵੇਗੀ ਅਤੇ ਕਾਨੂੰਨੀ ਤੌਰ ’ਤੇ ਇਹ ਬਿੱਲ ਵਾਪਿਸ ਹੋ ਜਾਣਗੇ। ਉਨ੍ਹਾਂ ਕਿਸਾਨਾ ਕੋਲੋਂ ਮਾਫੀ ਵੀ ਮੰਗੀ ਹੈ ਅਤੇ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਦਾ ਵੀ ਹਵਾਲਾ ਦਿੱਤਾ ਹੈ। ਇਹ ਬਿਆਨ ਆਉਣ ਬਾਅਦ ਭਾਰਤ ਸਮੇਤ ਪੂਰੇ ਵਿਸ਼ਵ ਵਿਚ ਵਸਦੇ ਭਾਰਤੀ ਭਾਈਚਾਰੇ ਖਾਸ ਕਰ ਕਿਸਾਨੀ ਭਾਈਚਾਰੇ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਨਿਊਜ਼ੀਲੈਂਡ ਦੇ ਵਿਚ ਵੀ ਬਹੁਤ ਸਾਰੀਆਂ ਸੰਸਥਾਵਾਂ, ਖੇਡ ਕਲੱਬਾਂ, ਮਾਈਗ੍ਰਾਂਟਸ ਯੂਨੀਅਨਜ਼ ਅਤੇ ਨਿੱਜੀ ਤੌਰ ਉਤੇ ਅਣਗਣਿਤ ਲੋਕਾਂ ਨੇ ਇਨ੍ਹਾਂ ਨਵੇਂ ਕਿਸਾਨੀ ਬਿੱਲਾਂ ਨੂੰ ਕਾਲੇ ਕਾਨੂੰਨ ਐਲਾਨਦਿਆਂ ਰੋਸ ਮੁਜ਼ਾਹਰੇ ਕੀਤੇ ਸੀ। ਇਹ ਰੋਸ ਮੁਜ਼ਾਹਰੇ ਔਕਲੈਂਡ ਸਿਟੀ, ਮੈਨੁਕਾਓ ਸੁਕੇਅਰ, ਹਮਿਲਟਨ, ਵਲਿੰਗਟਨ ਪਾਰਲੀਮੈਂਟ, ਕ੍ਰਾਈਸਟਚਰਚ, ਪਾਲਮਰਸਨ ਨਾਰਥ, ਟੌਰੰਗਾ ਹੇਸਟਿੰਗਜ਼ ਅਤੇ ਹੋਰ ਬਹੁਤ ਸਾਰੇ ਥਾਵਾਂ ਉਤੇ ਹੋਏ ਸਨ। ਜਦੋਂ ਦਾ ਭਾਰਤ ਦੇ ਵਿਚ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਇਥੇ ਹੋਣ ਵਾਲੇ ਲਗਪਗ ਸਾਰੇ ਖੇਡ ਮੇਲੇ ਅਤੇ ਸਭਿਆਚਾਰਕ ਮੇਲੇ ਕਿਸਾਨੀ ਸੰਘਰਸ਼ ਅਤੇ ਕਿਸਾਨ ਮਜ਼ਦੂਰ ਏਕਤਾ ਨੂੰ ਸਮਰਪਿਤ ਰਹੇ ਹਨ। ਇੰਡੋ ਸਪਾਈਸ ਵਰਲਡ ਵੱਲੋਂ ਹਜ਼ਾਰਾਂ ‘ਨੋ ਫਾਰਮਰਜ਼ ਨੋ ਫੂਡ’ ਦੇ ਸਟਿੱਕਰ ਵੰਡੇ ਗਏ।
ਵਾਇਕਾਟੋ ਸ਼ਹੀਦ ਏ ਆਜ਼ਿਮ ਸ. ਭਗਤ ਸਿੰਘ ਸਪੋਰਟਸ ਕਲਚਰਲ ਟ੍ਰਸਟ ਸ. ਜਰਨੈਲ ਸਿੰਘ ਰਾਹੋਂ ਹੋਰਾਂ ਖੁਸ਼ੀ ਜ਼ਾਹਿਰ ਕਰਦਿਆਂ ਆਖਿਆ ਕਿ ਇਹ ਕਿਸਾਨਾਂ ਦੇ ਸਬਰ ਸੰਤੋਖ ਅਤੇ ਦੂਰ ਅੰਦੇਸ਼ੀ ਦੀ ਜਿੱਤ ਹੋਈ ਹੈ। ਉਨ੍ਹਾਂ ਇਸ ਕਿਸਾਨੀ ਸੰਘਰਸ਼ ਦੇ ਵਿਚ ਜਾਨਾਂ ਗੁਆ ਗਏ ਕਿਸਾਨਾਂ ਅਤੇ ਕਿਸਾਨੀ ਮਹਿਲਾਵਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਉਤੇ ਹੀ ਅੱਜ ਕਿਸਾਨੀ ਸੰਘਰਸ਼ ਨੂੰ ਬੂਰ ਪਿਆ ਹੈ, ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹਮੇਸ਼ਾ ਰੜਕਦਾ ਰਹੇਗਾ।
ਪੂਰੇ ਵਿਸ਼ਵ ਦੇ ਵਿਚ ਅੱਜ ਦੇ ਐਲਾਨ ਬਾਅਦ ਵੱਖ-ਵੱਖ ਰਾਜਨੀਤਕ ਆਗੂਆਂ ਨੇ ਹਾਂ ਪੱਖੀ ਬਿਆਨ ਜਾਰੀ ਕੀਤੇ ਹਨ ਅਤੇ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਸਾਰੇ ਘਟਨਾ ਕ੍ਰਮ ਨੂੰ ਵੇਖਦਿਆਂ ਜੇਕਰ ਕਿਸੇ ਸ਼ਾਇਰ ਦੀਆਂ ਲਾਈਨਾਂ ਨੂੰ ਯਾਦ ਕੀਤਾ ਜਾਵੇ ਤਾਂ ਕੁਝ ਅਜਿਹਾ ਹੀ ਸਾਹਮਣੇ ਆਵੇਗਾ: ਤੁਝੇ ਭੀ ਹਮਾਰੀ ਤਮੰਨਾ ਥੀ ਜ਼ਾਲਿਮ, ਬਤਾਤੇ ਬਤਾਤੇ ਬਹੁਤ ਦੇਰ ਕਰ ਦੀ।
:
09 -1
09 -12