ਮਜਬੂਰੀ ਵੱਸ ਮਰਨ ਵਰਤ 'ਤੇ ਬੈਠੇ ਹਨ ਕਿਸਾਨ - ਜਗਜੀਤ ਸਿੰਘ ਡੱਲੇਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ-  ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਖ਼ਰੀ ਸਾਹ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ

Jagjit Singh Dallewal

ਮੋਹਾਲੀ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਹਾ ਕਿ ਕਿਸਾਨਾਂ ਨੂੰ ਮਜਬੂਰੀ ਵੱਸ ਮਰਨ ਵਰਤ 'ਤੇ ਬੈਠਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਕਿਸਾਨਾ ਦੇ ਸੰਘਰਸ਼ 'ਤੇ ਗੌਰ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਸਾਡੀ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ। ਡੱਲੇਵਾਲ ਨੇ ਦੱਸਿਆ ਕਿ ਜਦੋਂ ਵੀ ਸਰਕਾਰੀ ਅਧਿਕਾਰੀਆਂ ਨਾਲ ਗੱਲ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਸੁਪ੍ਰੀਮ ਕੋਰਟ ਦੀ ਰੂਲਿੰਗ ਦਾ ਹਵਾਲਾ ਦਿੱਤਾ ਜਾਂਦਾ ਹੈ ਪਰ ਇਹ ਫੈਸਲਾ ਅਪ੍ਰੈਲ ਵਿਚ ਆਇਆ ਜਦਕਿ ਸਾਡੀ ਮੀਟਿੰਗ 18 ਮਈ ਵਿਚ ਹੋਈ ਸੀ।

ਜਿਸ ਵਿਚ ਫੈਸਲਾ ਹੋਇਆ ਸੀ ਕਿ ਕਿਸਾਨਾਂ ਨੂੰ ਜ਼ਮੀਨਾਂ ਦਾ ਮਾਲਕੀ ਹੱਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸੁਪ੍ਰੀਮ ਕੋਰਟ ਵਾਲਿਆਂ ਬੇਲੋੜੀਆਂ ਗੱਲਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਕੇ ਗ਼ਲਤ ਕੀਤਾ ਹੈ ਕਿਉਂਕਿ ਹੁਣ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦਾ ਵਰਤਾਰਾ ਅਲੱਗ ਹੋ ਗਿਆ ਹੈ।  ਉਨ੍ਹਾਂ ਕਿਹਾ ਕਿ ਜ਼ਮੀਨਾਂ ਦੇ ਮਸਲਿਆਂ ਨੂੰ ਹਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸਰਕਾਰ ਨੇ ਇਹ ਮੰਗ ਮੰਨੀ ਸੀ ਕਿ ਜੇਕਰ ਅਸੀਂ ਕਿਸਾਨਾਂ ਨੂੰ ਪਰਾਲੀ ਦੇ ਢੁਕਵੇਂ ਹਾਲ ਲਈ ਕੁਝ ਦੇ ਨਹੀਂ ਸਕਦੇ ਤਾਂ ਪਰਾਲੀ ਸਾਡੇ ਜਾਣ 'ਤੇ ਕੋਈ ਕਾਰਵਾਈ ਨਹੀਂ ਹੋਵੇਗੀ। ਪਰ ਅੱਜ ਸਾਡੇ ਕਿਸਾਨਾਂ ਦੀਆਂ ਜ਼ਮੀਨ 'ਤੇ ਰੈੱਡ ਐਂਟਰੀ ਪਾਈ ਜਾ ਰਹੀ ਹੈ ਜੋ ਕਿ ਬਹੁਤ ਹੀ ਖਤਰਨਾਕ ਹੈ।

ਇਸ ਤੋਂ ਇਲਾਵਾ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਮਿੱਲਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਪਰ ਹੁਣ ਇਸ ਵਿਚ ਵੀ ਦੇਰੀ ਹੋ ਰਹੀ ਹੈ ਅਤੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਮਿੱਲਰਜ਼ ਨੂੰ ਨੁਕਸਾਨ ਹੋਵੇਗਾ।   ਜੇਕਰ ਮਿੱਲਾਂ ਸ਼ੁਰੂ ਕਰਨ ਵਿਚ ਦੇਰੀ ਕਰਨੀ ਹੈ ਤਾਂ ਸਰਕਾਰ ਕਿਸਾਨਾਂ ਨੂੰ ਬੋਨਸ ਦੇਵੇ ਤਾਂ ਜੋ ਕਿਸਾਨਾਂ ਨੂੰ ਵੀ ਨੁਕਸਾਨ ਤੋਂ ਬਚਾਇਆ ਜਾ ਸਕੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਵੈਟਨਰੀ ਫਾਰਮਸਿਸਟਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖ਼ਿਲਾਫ਼ ਹਾਂ।  ਇਸ ਤੋਂ ਇਲਾਵਾ ਹੋਰ ਜਿਹੜੀਆਂ ਵੀ ਕਿਸਾਨਾਂ ਦੀਆਂ ਮੰਗਾਂ ਹਨ, ਜਦੋਂ ਤੱਕ ਸਰਕਾਰ ਉਹ ਨਹੀਂ ਮੰਨਦੀ ਉਦੋਂ ਤੱਕ ਸਾਡਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।  ਉਨ੍ਹਾਂ ਕਿਹਾ ਕਿ ਜੇਕਰ ਮਰਨ ਵਰਤ 'ਤੇ ਬੈਠੇ ਕਿਸੇ ਵੀ ਕਿਸਾਨ ਦਾ ਨੁਕਸਾਨ ਹੋਇਆ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।