Punjab Election: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ 

ਏਜੰਸੀ

ਖ਼ਬਰਾਂ, ਪੰਜਾਬ

Punjab Election: ਤਿਕੋਨੇ ਮੁਕਾਬਲੇ ਵਿਚ ਆਪ, ਕਾਂਗਰਸ ਤੇ ਭਾਜਪਾ ਦਰਮਿਆਨ ਲੱਗੀ ਹੈ ਸਿਰਧੜ ਦੀ ਬਾਜ਼ੀ

Voting will be held today for the by-elections in the four assembly constituencies of Punjab

 

Punjab Election: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 20 ਨਵੰਬਰ ਨੂੰ ਜ਼ਿਮਨੀ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਉਪਰ ਸੱਭ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ 2027 ਦੀਆਂ ਆਮ ਵਿਧਾਨ ਸਭਾ ਚੋਣਾਂ ਦਾ ਸੈਮੀਫ਼ਾਈਨਲ ਮੰਨਿਆ ਜਾ ਰਿਹਾ ਹੈ। ‘ਆਪ’ ਸਰਕਾਰ ਦੀ ਢਾਈ ਸਾਲ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਨੇ ਇਨ੍ਹਾਂ ਚੋਣਾਂ ਵਿਚ ਫ਼ਤਵਾਂ ਦੇਣਾ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਦੀਆਂ ਹੋਈਆਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਨੂੰ ਜ਼ਿਆਦਾ ਸਫ਼ਲਤਾ ਨਹੀਂ ਸੀ ਮਿਲੀ ਪਰ ਉਨ੍ਹਾਂ ਚੋਣਾਂ ਦਾ ਸੂਬਾ ਸਰਕਾਰ ਦੇ ਮੁੱਦਿਆਂ ਨਾਲ ਸਬੰਧ ਨਹੀਂ ਸੀ ਤੇ ਕੇਂਦਰ ਸਰਕਾਰ ਦੇ ਮੁੱਦਿਆਂ ’ਤੇ ਆਧਾਰਤ ਚੋਣ ਸੀ ਪਰ ਇਹ ਚਾਰ ਹਲਕਿਆਂ ਦੀਆਂ ਚੋਣਾਂ ਦਾ ਸਿੱਧਾ ਸਬੰਧ ਸੂਬਾ ਸਰਕਾਰ ਦੇ ਕੰਮਾਂ ਨਾਲ ਹੈ। ਇਨ੍ਹਾਂ ਚੋਣਾਂ ਲਈ ਚੋਣ ਕਮਿਸ਼ਨ ਨੇ ਵੀ ਪ੍ਰਬੰਧ ਮੁਕੰਮਲ ਹੋਣ ਦੀ ਗੱਲ ਆਖੀ ਹੈ। ਇਨ੍ਹਾਂ ਚੋਣਾਂ ਵਾਲੇ ਚਾਰ ਹਲਕਿਆਂ ਵਿਚ ਬਰਨਾਲਾ ਅਤੇ ਗਿੱਦੜਬਾਹਾ ਵਿਚ ਭਾਵੇਂ ਗਹਿਗੱਚ ਮੁਕਾਬਲੇ ਹਨ ਪਰ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਹਲਕੇ ਵੀ ਘੱਟ ਅਹਿਮ ਨਹੀਂ। 

ਬਰਨਾਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਸਭਾ ਹਲਕੇ ਵਿਚ ਜੁੜਿਆ ਅਹਿਮ ਹਲਕਾ ਹੈ ਜਦਕਿ ਗਿੱਦੜਬਾਹਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਡੇਰਾ ਬਾਬਾ ਨਾਨਕ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਚੱਬੇਵਾਲ ਕਾਂਗਰਸ ਵਿਚੋਂ ‘ਆਪ’ ਵਿਚ ਜਾ ਕੇ ਸਾਂਸਦ ਬਣਨ ਵਾਲੇ ਡਾ. ਰਾਜ ਕੁਮਾਰ ਚੱਬੇਵਾਲ ਨਾਲ ਜੁੜਿਆ ਹਲਕਾ ਹੈ। ਭਾਵੇਂ ਅਕਾਲੀ ਦਲ ਇਸ ਵਾਰ ਚੋਣ ਨਾ ਲੜਨ ਦੇ ਫ਼ੈਸਲੇ ਕਾਰਨ ਪਾਰਟੀ ਸੰਕਅ ਦੇ ਚਲਦੇ ਮੈਦਾਨ ਤੋਂ ਬਾਹਰ ਹੈ ਪਰ ਚਾਰੇ ਸੀਟਾਂ ਉਪਰ ਸੱਤਾਧਰ ‘ਆਪ’, ਕਾਂਗਰਸ ਅਤੇ ਭਾਜਪਾ ਵਿਚ ਤਿਕੋਨੇ ਮੁਕਾਬਲੇ ਹਨ।

ਇਸ ਲਈ ਤਿੰਨਾਂ ਹੀ ਪਾਰਟੀਆਂ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਪਣੀ ਜਿੱਤ ਦਾ ਰਾਹ ਬਣਾਉਣ ਲਈ ਵਕਾਰ ਦਾ ਸਵਾਲ ਬਣਾ ਕੇ ਚੋਣ ਲੜੀ ਜਾ ਰਹੀ ਹੈ ਜਿਥੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਖ਼ੁਦ ਚੋਣ ਮੁਹਿੰਮ ਵਿਚ ਉਤਰੇ ਉਥੇ ਕਾਂਗਰਸ ਦੇ ਸਾਰੇ ਵੱਡੇ ਸੂਬਾਈ ਆਗੂਆਂ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂੂ ਅਤੇ ਪਾਰਟੀ ਇੰਚਾਰਜ ਵਿਜੈ ਰੁਪਾਨੀ ਜ਼ਿਮਨੀ ਚੋਣਾਂ ਦੀ ਮੁਹਿੰਮ ਵਿਚ ਅਪਣੇ ਉਮੀਦਵਾਰਾਂ ਲਈ ਚੋਣ ਮੁਹਿੰਮ ਵਿਚ ਡਟੇ ਰਹੇ।

ਜਿਥੋਂ ਤਕ ਉਮੀਦਵਾਰਾਂ ਦੀ ਗੱਲ ਹੈ ਗਿੱਦੜਬਾਹਾ ਹਲਕੇ ਵਿਚ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਕਾਂਗਰਸ, ਮਨਪ੍ਰੀਤ ਸਿੰਘ ਬਾਦਲ ਭਾਜਪਾ ਤੇ ਸਾਬਕਾ ਅਕਾਲੀ ਡਿੰਪੀ ਢਿੱਲੋਂ ‘ਆਪ’ ਵਲੋਂ ਮੈਦਾਨ ਵਿਚ ਹਨ। ਜਿਥੇ ਅਕਾਲੀ ਦਲ (ਅ) ਵਲੋਂ ਬਹਿਬਲ ਗੋਲੀ ਕਾਂਡ ਵਿਚ ਸ਼ਹੀਦ ਪ੍ਰਵਾਰ ਨਾਲ ਸਬੰਧਤ ਸੁਖਰਾਜ ਸਿੰਘ ਨਿਆਮੀਵਾਲਾ ਵੀ ਮੈਦਾਨ ਵਿਚ ਹੈ। 

ਇਸੇ ਤਰ੍ਹਾਂ ਬਰਨਾਲਾ ਵਿਚ ‘ਆਪ’ ਦੇ ਹਰਿੰਦਰ ਧਾਲੀਵਾਲ, ਕਾਂਗਰਸ ਦੇ ਕਾਲਾ ਢਿੱਲੋਂ, ਭਾਜਪਾ ਦੇ ਕੇਵਲ ਢਿੱਲੋਂ ਤੋਂ ਇਲਾਵਾ ‘ਆਪ’ ਦੇ ਬਾਗ਼ੀ ਆਜ਼ਾਦ ਬਾਠ ਅਤੇ ਅਕਾਲੀ ਦਲ (ਅ) ਵਲੋਂ ਗੋਬਿੰਦ ਸਿੰਘ ਸੰਧੂ ਵੀ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਵਿਚ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਉਮੀਦਵਾਰ ਹਨ। ਇਥੇ ‘ਆਪ’ ਦੇ ਗੁਰਦੀਪ ਸਿੰਘ ਰੰਧਾਵਾ ਅਤੇ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਹਨ। ਚੱਬੇਵਾਲ ਵਿਚ ਕਾਂਗਰਸ ਵਲੋਂ ਰਣਜੀਤ ਕੁਮਾਰ, ‘ਆਪ’ ਵਲੋਂ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਦੇ ਬੇਟੇ ਇਸ਼ਾਂਕ ਅਤੇ ਭਾਜਪਾ ਵਲੋਂ ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਡਲ ਚੋਣ ਲੜ ਰਹੇ ਹਨ।