ਪੱਛਮੀ ਬੰਗਾਲ ਵਿੱਚ ਆਰਮੀ ਇੰਸਟੀਚਿਊਟ ਦਾ ਨਾਮ ਰੱਖਿਆ 71 ਦੇ ਜੰਗੀ ਪੰਜਾਬ ਦੇ ਨਾਇਕ ਬਖਸ਼ੀਸ਼ ਸਿੰਘ ਦੇ ਨਾਮ 'ਤੇ
ਬਖਸ਼ੀਸ਼ ਸਿੰਘ ਨੇ 1962, 1965 ਅਤੇ 1971 ਦੀਆਂ ਤਿੰਨੋ ਜੰਗਾਂ ਵਿੱਚ ਨਿਭਾਈ ਅਹਿਮ ਭੂਮਿਕਾ
ਹੁਸ਼ਿਆਰਪੁਰ: ਪੱਛਮੀ ਬੰਗਾਲ ਦੇ ਆਰਮੀ ਇੰਸਟੀਚਿਊਟ ਦਾ ਨਾਮ 1971 ਦੇ ਜੰਗੀ ਪੰਜਾਬ ਦੇ ਨਾਇਕ ਬਖਸ਼ੀਸ਼ ਸਿੰਘ ਦੇ ਨਾਮ ’ਤੇ ਰੱਖਿਆ ਗਿਆ ਹੈ। ਬਖਸ਼ੀਸ਼ ਸਿੰਘ ਦਾ ਘਰ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਵਿਖੇ ਸਥਿਤ ਹੈ। ਬਖਸ਼ੀਸ਼ ਸਿੰਘ ਨੇ ਆਰਮੀ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਈ। ਉਨ੍ਹਾਂ ਦੀ ਡਿਊਟੀ ਸੰਚਾਰ ਦੇ ਮਾਧਿਅਮ ਨੂੰ ਬਰਕਰਾਰ ਰੱਖਣ ਦੀ ਸੀ। ਉਨ੍ਹਾਂ ਨੇ 1962, 1965 ਅਤੇ 1971 ਦੀਆਂ ਤਿੰਨੋ ਜੰਗਾਂ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਬਖਸ਼ੀਸ਼ ਸਿੰਘ ਦੇ ਪੁੱਤਰ ਹਰਜੀਤ ਸਿੰਘ ਨੇ ਕਿਹਾ ਕਿ ਬਖਸ਼ੀਸ਼ ਸਿੰਘ 1956 ਵਿੱਚ ਮਿਲਟਰੀ ਵਿੱਚ ਭਰਤੀ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 1962, 1965 ਅਤੇ 1971 ਦੀਆਂ ਜੰਗਾਂ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਜਦੋਂ 1971 ਦੀ ਲੜਾਈ ਲੜੀ ਗਈ, ਉਸ ਸਮੇਂ ਉਹ ਢਾਕਾ ’ਚ ਸਨ। ਢਾਕਾ ਵਿੱਚ ਉਨ੍ਹਾਂ ਦੀ ਡਿਊਟੀ ਸੀ। ਇਸ ਲੜਾਈ ਤੋਂ ਬਾਅਦ ਫੌਜ ਨੇ ਬਖਸ਼ੀਸ਼ ਸਿੰਘ ਨੂੰ ਸੈਨਾ ਮੈਡਲ ਅਵਾਰਡ ਨਾਲ ਸਨਮਾਨਿਤ ਕੀਤਾ ਸੀ। ਉਸ ਤੋਂ ਬਾਅਦ ਇਹ ਛੁੱਟੀ ’ਤੇ ਵੀ ਆਏ ਸਨ। ਫਿਰ ਬਾਕੀ ਸਰਵਿਸ ਵਿਚ ਉਹ ਯੂਨਿਟਾਂ ’ਚ ਘੁੰਮਦੇ-ਘੁੰਮਦੇ ਨਗਰੋਟਾ ਆਏ। ਫਿਰ ਉਹ ਨਗਰੋਟਾ ਤੋਂ ਸੇਵਾ ਮੁਕਤ ਹੋਏ। ਉਸ ਤੋਂ ਬਾਅਦ ਉਹ ਪਿੰਡ ਆ ਗਏ। ਪਿੰਡ ਆ ਕੇ ਉਨ੍ਹਾਂ ਨੇ ਕੁੱਝ ਘਰੇਲੂ ਕੰਮ ਕੀਤੇ। ਫਿਰ ਬਾਅਦ ਵਿੱਚ ਉਨ੍ਹਾਂ ਨੇ ਕੰਸਟਰਕਸ਼ਨ ’ਚ ਫੋਰਮੈਨ ਵਜੋਂ ਕੰਮ ਕੀਤਾ। ਜਦੋਂ ਉਹ ਦਿੱਲੀ ਸਨ, ਉੱਥੇ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਸਿਹਤ ਖਰਾਬ ਹੋਣ ਤੋਂ ਬਾਅਦ ਫਿਰ ਉਹ ਘਰ ਆ ਗਏ। ਇਲਾਜ ਚੱਲਦਾ ਰਿਹਾ, ਪਰ ਕਾਫੀ ਸਮਾਂ ਇਲਾਜ ਚੱਲਣ ਤੋਂ ਬਾਅਦ ਉਹ ਅਕਾਲ ਚਲਾਣਾ ਕਰ ਗਏ।
ਉਨ੍ਹਾਂ ਕਿਹਾ ਕਿ ਬਖਸ਼ੀਸ਼ ਸਿੰਘ 33 ਕੋਰ ਵਿੱਚ ਸਨ ਅਤੇ ਉਨ੍ਹਾਂ ਦਾ ਮੁੱਖ ਕੰਮ ਸੀ ਕਮਿਊਨਿਕੇਸ਼ਨ ਦਾ। ਵਾਇਰਲੈਸ ਸਿਸਟਮ ਜਾਂ ਟੈਲੀਫੋਨ ਨੂੰ ਸਹੀ ਰੱਖਣਾ ਹੁੰਦਾ ਸੀ, ਕਿਸੇ ਵੀ ਫਾਲਟ ਨੂੰ ਠੀਕ ਕਰਨਾ ਹੁੰਦਾ ਸੀ। 1971 ਦੀ ਜੰਗ ਦੌਰਾਨ ਢਾਕੇ ’ਚ ਵੀ ਉਨ੍ਹਾਂ ਦਾ ਇਹੋ ਹੀ ਕੰਮ ਸੀ। ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਾਬ ਬਹੁਤ ਹੀ ਖਤਰਨਾਕ ਸੀ। ਉਨ੍ਹਾਂ ਕਿਹਾ ਕਿ ਬਖਸ਼ੀਸ਼ ਸਿੰਘ ਨੇ ਇਹ ਜਾਬ ਅਣਥੱਕ ਮਿਹਨਤ ਨਾਲ ਸੰਪੂਰਨ ਕੀਤੀ। ਹਰਜੀਤ ਸਿੰਘ ਨੇ ਕਿਹਾ ਉਨ੍ਹਾਂ ਦਾ ਇੱਕ ਛੋਟਾ ਭਰਾ ਗੁਰਜੀਤ ਸਿੰਘ ਦਿੱਲੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਕ ਭੈਣ ਹੈ, ਜੋ ਕਿ ਦਿਆਲਪੁਰ ਰਹਿੰਦੀ ਹੈ। ਹਰਜੀਤ ਸਿੰਘ ਨੇ ਕਿਹਾ ਕਿ ਉਹ ਬਿਜਲੀ ਦੀ ਦੁਕਾਨ ਕਰਦੇ ਹਨ।
ਹਰਜੀਤ ਸਿੰਘ ਨੇ ਕਿਹਾ ਕਿ ਸਿਲੀਗੁੜੀ ਤੋਂ 33 ਕੋਰ ਨੇ ਹੀ ਇਹ ਉਪਰਾਲਾ ਕੀਤਾ। ਫਿਰ ਉਨ੍ਹਾਂ ਨੇ ਸਾਨੂੰ ਸਮਾਰਕ ਦੇ ਉਦਘਾਟਨ ਲਈ ਉੱਥੇ ਬੁਲਾਇਆ। ਉੱਥੇ ਸਮਾਰਕ ਵਿੱਚ ਲਾਇਬ੍ਰੇਰੀ, ਕੰਟੀਨ ਤੋਂ ਇਲਾਵਾ ਇੱਕ ਦੁਕਾਨ ਵੀ ਹੈ। ਉਨ੍ਹਾਂ ਕਿਹਾ ਕਿ ਬਖਸ਼ੀਸ਼ ਸਿੰਘ ਦੀ ਡਿਊਟੀ ਜ਼ਿਆਦਾਤਰ ਸਿਲੀਗੁੜੀ ਰਹੀ ਹੈ। ਇਸ ਤੋਂ ਇਲਾਵਾ ਉਹ ਜਲੰਧਰ ਕੈਂਟ ਅਤੇ ਨਗਰੋਟਾ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਉਨ੍ਹਾਂ ਨੂੰ ਜ਼ਿਆਦਾਤਰ ਲੋਕ ਜਾਣਦੇ ਵੀ ਨਹੀਂ ਹੋਣਗੇ, ਪਰ ਬਜ਼ੁਰਗ ਹੀ ਜਾਣਦੇ ਸਨ।
ਬਖਸ਼ੀਸ਼ ਸਿੰਘ ਦੇ ਪੁੱਤਰ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੈਨਾ ਮੈਡਲ ਤੋਂ ਇਲਾਵਾ ਮੈਰੀਟੋਰੀਅਸ ਮੈਡਲ ਮਿਲੇ ਸਨ। ਉਨ੍ਹਾਂ ਕਿਹਾ ਕਿ ਬਖਸ਼ੀਸ਼ ਸਿੰਘ ਰਾਜ ਮਿਸਤਰੀ ਅਤੇ ਕਾਰਪੇਂਟਰ ਦਾ ਕੰਮ ਵੀ ਜਾਣਦੇ ਸਨ। ਇਸ ਤੋਂ ਇਲਾਵਾ ਉਹ ਵੈਲਡਿੰਗ ਦਾ ਵੀ ਕੰਮ ਕਰ ਲੈਂਦੇ ਸਨ। ਉਨ੍ਹਾਂ ਕਿਹਾ ਕਿ ਸਾਡੇ ਨਾਲ ਹਾਲੇ ਤੱਕ ਸਿਲੀਗੁੜੀ ਤੋਂ ਯੂਨਿਟ ਤੋਂ ਇਲਾਵਾ ਕਿਸੇ ਨੇ ਵੀ ਰਾਬਤਾ ਕਾਇਮ ਨਹੀਂ ਕੀਤਾ।