ਕੇਂਦਰ ਤੇ ਕਿਸਾਨਾਂ ਵਿਚ ਮੁੜ ਗੱਲਬਾਤ ਨੂੰ ਲੈ ਕੇ ਏਜੰਡੇ 'ਤੇ ਪੇਚ ਫਸਿਆ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਤੇ ਕਿਸਾਨਾਂ ਵਿਚ ਮੁੜ ਗੱਲਬਾਤ ਨੂੰ ਲੈ ਕੇ ਏਜੰਡੇ 'ਤੇ ਪੇਚ ਫਸਿਆ

image


ਕਿਸਾਨ ਜਥੇਬੰਦੀਆਂ ਹਾਂ ਜਾਂ ਨਾਂਹ ਦੀ ਰੱਟ ਤਾਂ ਛੱਡਣ ਨੂੰ ਤਿਆਰ ਹਨ ਪਰ ਖੇਤੀ ਕਾਨੂੰਨਾਂ ਦੇ ਨੁਕਤਿਆਂ 'ਤੇ ਮੁੜ ਚਰਚਾ ਨਹੀਂ ਚਾਹੁੰਦੀਆਂ


ਚੰਡੀਗੜ੍ਹ, 19 ਦਸੰਬਰ (ਗੁਰਉਪਦੇਸ਼ ਭੁੱਲਰ): ਦਿੱਲੀ ਦੀਆਂ ਸਰਹੱਦਾਂ 'ਤੇ ਪੰਜਾਬ ਤੇ ਹੋਰ ਕਈ ਰਾਜਾਂ ਦੇ ਕਿਸਾਨਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਮੋਰਚਾ 24ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ ਅਤੇ 20 ਦਸੰਬਰ ਨੂੰ ਕਿਸਾਨ ਪਿੰਡ ਪੱਧਰ 'ਤੇ ਸ਼ਰਧਾਂਜਲੀ ਦਿਵਸ ਮਨਾ ਰਹੇ ਹਨ | ਕਿਸਾਨ ਮੋਰਚੇ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤਕ ਸੰਘਰਸ਼ ਨੂੰ ਜਾਰੀ ਰੱਖਣ ਦਾ ਸੰਕਲਪ ਲੈਣਗੇ | 
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦੇਸ਼ ਭਰ ਵਿਚ ਇਕ ਲੱਖ ਪਿੰਡਾਂ ਵਿਚ ਸ਼ਰਧਾਂਜਲੀ ਦਿਵਸ ਮਨਾਇਆ ਜਾਵੇਗਾ | ਇਸੇ ਦੌਰਾਨ ਕੇਂਦਰ ਸਰਕਾਰ ਤੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਿਚ ਮੁੜ ਗੱਲਬਾਤ ਸ਼ੁਰੂ ਹੋਣ ਸਬੰਧੀ ਹਾਲੇ ਅਨਿਸ਼ਚਤਤਾ ਵਾਲੀ ਸਥਿਤੀ ਬਣੀ ਹੋਈ ਹੈ ਭਾਵੇਂ ਕਿ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੋਵੇਂ ਹੀ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹਨ | ਪਰ ਇਸ ਸਮੇਂ ਪੇਚ ਮੀਟਿੰਗ ਦੇ ਏਜੰਡੇ ਨੂੰ ਲੈ ਕੇ ਹੀ ਫਸਿਆ ਹੋਇਆ ਹੈ | ਭਾਵੇਂ ਕਿਸਾਨ ਜਥੇਬੰਦੀਆਂ ਹਾਂ ਜਾਂ ਨਾਂਹ ਦੀ ਰੱਟ ਤੋਂ ਤਾਂ ਪਿਛੇ ਹਟਣ ਲਈ ਤਿਆਰ ਹਨ ਪਰ ਉਹ ਖੇਤੀ ਕਾਨੂੰਨਾਂ ਦੇ ਵੱਖ ਵੱਖ ਨੁਕਤਿਆਂ 'ਤੇ ਮੁੜ ਚਰਚਾ ਲਈ ਤਿਆਰ ਨਹੀਂ | ਉਹ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਐਮ.ਐਸ.ਪੀ ਦੇ ਮੁੱਲ ਤੇ ਖ਼ਰੀਦ ਬਾਰੇ ਕਾਨੂੰਨ ਬਣਾ ਕੇ ਇਸ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ 'ਤੇ ਕਾਇਮ ਹਨ | ਜਦਕਿ ਕੇਂਦਰ ਚਾਹੁੰਦਾ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਨੁਕਤਿਆਂ 'ਤੇ ਚਰਚਾ ਕਰਨ ਤੇ ਸੋਧਾਂ ਦੀ ਗੱਲ ਪ੍ਰਵਾਨ ਕਰਨ | 
ਕੇਂਦਰੀ ਖੇਤੀ ਮੰਤਰੀ ਤੇ ਭਾਜਪਾ ਆਗੂਆਂ ਦੇ ਦਾਅਵਿਆਂ ਦੇ ਬਾਵਜੂਦ ਹਾਲੇ ਕਿਸਾਨ ਆਗੂਆਂ ਨੂੰ ਕੋਈ ਲਿਖਤੀ ਸੱਦਾ ਨਹੀਂ ਮਿਲਿਆ | ਕਿਸਾਨ ਆਗੂ ਸੱਦੇ ਦੀ ਉਡੀਕ ਵਿਚ ਹਨ ਤੇ ਇਸ ਸਬੰਧੀ ਸੱਦਾ ਪੱਤਰ ਵਿਚ ਦਰਜ ਏਜੰਡਾ ਦੇਖ ਕੇ ਗੱਲਬਾਤ ਲਈ ਵਿਚਾਰ ਕਰਨਗੇ | ਕਿਸਾਨ ਆਗੂ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਇਸ ਤਰਕ ਦੇ ਆਧਾਰ 'ਤੇ ਰੱਦ ਕਰਨ ਦੀ ਮੰਗ ਕਰ ਰਹੇ ਹਨ ਕਿ ਇਹ ਗ਼ੈਰ ਸੰਵਿਧਾਨਕ ਹਨ ਜਦਕਿ ਖੇਤੀ ਰਾਜਾਂ ਦਾ ਵਿਸ਼ਾ ਹੈ | ਸੋਧਾਂ ਦੀ ਗੱਲ ਤਾਂ ਬਾਅਦ ਵਿਚ ਹੈ |