14 ਜਨਵਰੀ ਤੋਂ ਹੋਵੇਗੀ ‘ਸਵਰਨਿਮ ਵਿਜੈ ਵਰਸ਼' ਸਮਾਗਮਾਂ ਦੀ ਸ਼ੁਰੂਆਤ: ਕਰਨਲ ਆਰ.ਐਸ. ਮਾਂਗਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ 17 ਜ਼ਿਲ੍ਹਿਆਂ ਵਿਚ ਜਾਵੇਗੀ 'ਸਵਰਨਿਮ ਵਿਜੈ ਵਰਸ਼' ਮਸ਼ਾਲ 

The 'Golden Victory Year' celebrations will begin on January 14

ਚੰਡੀਗੜ੍ਹ: ਭਾਰਤ ਦੀ ਪਾਕਿਸਤਾਨ ਉਤੇ ਵੱਡੀ ਜਿੱਤ ਅਤੇ ਬੰਗਲਾਦੇਸ਼ ਨੂੰ ਆਜ਼ਾਦ ਕਵਾਉਣ ਦੀ 50ਵੀਂ ਵਰ੍ਹੇਗੰਢ ਨੂੰ ਭਾਰਤ ਸਰਕਾਰ ਨੇ ‘ਸਵਰਨਿਮ ਵਿਜੈ ਵਰਸ਼' ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਵਿਖੇ ਸਵਰਨਿਮ ਵਿਜੈ ਮਸ਼ਾਲ ਜਗਾ ਕੇ ਕੀਤੀ ਗਈ।

ਚੌਥੇ ਮਿਲਟਰੀ ਲਿਟਰੇਚਰ ਫ਼ੈਸਟੀਵਲ-2020 ਦੇ ਸੈਸ਼ਨ 'ਕਰਟਨ ਰੇਜ਼ਰ: ਦਿ 1971 ਵਾਰ ਬਾਏ ਹੈਡਕੁਆਰਟਰ ਵੈਸਟਰਨ ਕਮਾਂਡ' ਦੌਰਾਨ ਇਨ੍ਹਾਂ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਵੈਸਟਰਨ ਕਮਾਂਡ ਦੇ ਕਰਨਲ ਆਰ.ਐਸ. ਮਾਂਗਟ ਨੇ ਦੱਸਿਆ ਕਿ ‘ਸਵਰਨਿਮ ਵਿਜੈ ਵਰਸ਼' ਸਬੰਧੀ ਪੰਜਾਬ ਰਾਜ ਵਿਚ ਸਾਰਾ ਸਾਲ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 14 ਜਨਵਰੀ, 2021 ਨੂੰ ਚੰਡੀਮੰਦਰ ਤੋਂ ਮਸ਼ਾਲ ਪ੍ਰਾਪਤੀ ਨਾਲ ਇਨ੍ਹਾਂ ਸਾਲ ਭਰ ਚੱਲਣ ਵਾਲੇ ‘ਸਵਰਨਿਮ ਵਿਜੈ ਵਰਸ਼ ਸਮਾਗਮਾਂ' ਦੀ ਸ਼ੁਰੂਆਤ ਹੋਵੇਗੀ। 

ਕਰਨਲ ਮਾਂਗਟ ਨੇ ਦੱਸਿਆ ਕਿ ਇਹ ਮਸ਼ਾਲ ਪੰਜਾਬ ਰਾਜ ਵਿਚ 17 ਜ਼ਿਲ੍ਹਿਆਂ ਵਿੱਚ ਜਾਵੇਗੀ ਅਤੇ ਜਿਥੇ ਵੀ ਮਸ਼ਾਲ ਜਾਣ ਦੀ ਪ੍ਰੋਗਰਾਮ ਪ੍ਰਸਤਾਵਤ ਹੈ, ਉਸ ਸਬੰਧੀ ਪ੍ਰੋਗਰਾਮ ਪਹਿਲਾਂ ਤੈਅ ਕਰ ਦਿੱਤਾ ਗਿਆ ਹੈ। ਤੈਅਸ਼ੁਦਾ ਸਥਾਨ 'ਤੇ 1971 ਦੀ ਜੰਗ ਵਿੱਚ ਬਹਾਦਰੀ ਦਿਖਾਉਣ ਵਾਲੇ ਮੈਡਲ ਜੇਤੂਆਂ ਅਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਜਾਵੇਗਾ। 

ਕਰਨਲ ਮਾਂਗਟ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਫ਼ੋਟੋ ਪ੍ਰਦਰਸ਼ਨੀਆਂ ਲਾਉਣ ਤੋਂ ਇਲਾਵਾ 1971 ਦੀ ਜੰਗ ਸਬੰਧੀ ਡਾਕੂਮੈਂਟਰੀ ਫ਼ਿਲਮਾਂ ਵੀ ਵਿਖਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਥਾਨ 'ਤੇ ਸਮਾਗਮ ਕਰਵਾਏ ਜਾਣਗੇ, ਉਨ੍ਹਾਂ ਸਥਾਨਾਂ ਤੋਂ ਮਿੱਟੀ ਵੀ ਇਕੱਤਰ ਕਰਕੇ ਲਿਜਾਈ ਜਾਵੇਗੀ, ਜੋ ਕੌਮੀ ਜੰਗੀ ਯਾਦਗਾਰ ਵਿਖੇ ਬੂਟੇ ਲਾਉਣ ਸਮੇਂ ਵਰਤੀ ਜਾਵੇਗੀ।

ਕਰਨਲ ਮਾਂਗਟ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਾਲ ਭਰ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਬੈਂਡ ਸ਼ੋਅ ਅਤੇ ਮੈਰਾਥਨ ਦੌੜਾਂ ਵੀ ਕਰਵਾਈਆਂ ਜਾਣਗੀਆਂ ਅਤੇ ਇਨ੍ਹਾਂ ਸਾਰੇ ਸਮਾਗਮਾਂ ਵਿਚ ਐਨ.ਸੀ.ਸੀ. ਕੈਡਿਟ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੀ ਸਮਾਪਤੀ ਸਬੰਧੀ ਸਮਾਗਮ 3 ਦਸੰਬਰ, 2021 ਤੋਂ 16 ਦਸੰਬਰ, 2021 ਤੱਕ ਨਵੀਂ ਦਿੱਲੀ ਵਿਖੇ ਹੋਵੇਗੀ।