ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ 'ਤੇ ਅੰਨ੍ਹੇਵਾਹ ਫਾਇਰਿੰਗ, ਸੀਸੀਟੀਵੀ ਵਿੱਚ ਕੈਦ ਹੋਈ ਘਟਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਖ਼ਮੀ ਹਾਲਤ ‘ਚ ਕਰਵਾਇਆ ਗਿਆ ਹਸਪਤਾਲ ‘ਚ ਭਰਤੀ

Photo

 

ਗੁਰਦਾਸਪੁਰ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਗੁਰਦਾਸਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਸਬਾ ਹਰਚੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ (Akali Dal) ਦੇ ਯੂਥ ਪ੍ਰਧਾਨ ’ਤੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਕਤ ਆਗੂ ਗੰਭੀਰ ਜ਼ਖ਼ਮੀ ਹੋ ਗਿਆ।

 

 

 

ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਰਣਜੀਤ ਸਿੰਘ ਸੋਨੂੰ ਔਲਖ (Ranjit Singh Sonu Aulakh) ਕਸਬਾ ਹਰਚੋਵਾਲ ਵਿਖੇ ਇਕ ਸਲੂਨ 'ਚ ਗਏ ਸਨ ਅਤੇ ਜਦੋਂ ਉਹ ਕਟਿੰਗ ਕਰਵਾ ਰਹੇ ਸਨ ਤਾਂ ਅਚਾਨਕ ਕੁਝ ਹਥਿਆਰਬੰਦ ਨੌਜਵਾਨਾਂ ਨੇ ਸੋਨੂੰ ਔਲਖ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਰਣਜੀਤ ਸਿੰਘ ਸੋਨੂੰ ਔਲਖ ਪੁੱਤਰ ਮੁਖਤਾਰ ਸਿੰਘ ਵਾਸੀ ਔਲਖ ਕਲਾਂ ਦੇ ਲੱਤ ’ਤੇ ਗੋਲੀਆਂ ਲੱਗੀਆਂ।

 

 

 ਪੁਲਿਸ ਨੇ ਮੌਕੇ ’ਤੇ ਪਹੁੰਚ ਕੇ  ਸੋਨੂੰ ਨੂੰ ਜ਼ਖਮੀ ਹਾਲਤ ਵਿਚ ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਹਰਚੋਵਾਲ ਪਹੁੰਚਾਇਆ ਜਿਥੇ ਸੋਨੂੰ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। 

 

 ਵਧੇਰੇ ਜਾਣਕਾਰੀ ਲਈ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨਿਤਿਨ ਲੂਥਰਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਰਣਜੀਤ ਸਿੰਘ ਸੋਨੂੰ ਔਲਖ ਇਕ ਸਲੂਨ ਵਿਚ ਜਾਂਦੇ ਹਨ ਤੇ ਉਥੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸੋਨੂੰ ਤੇ ਅੰਨ੍ਹੇਵਾ ਫਾਇਰਿੰਗ ਕੀਤੀ ਗਈ। ਸੋਨੂੰ ਔਲਖ ਦੀਆਂ ਦੋਵਾਂ ਲੱਤਾਂ ਵਿਚ ਗੋਲੀਆਂ ਲੱਗ ਗਈਆਂ। ਉਹਨਾਂ ਨੂੰ ਬਟਾਲਾ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ  ਉਹਨਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਫਸਟ ਏਡ ਦੇਣ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।