ਦਰਬਾਰ ਸਾਹਿਬ ਬੇਅਦਬੀ ਮਾਮਲਾ: SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਦੀ ਘਟਨਾ ਦੀ ਜਾਂਚ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਵੀ ਸਿੱਟ ਬਣਾਉਣ ਦਾ ਐਲਾਨ

Photo

 

ਅੰਮ੍ਰਿਤਸਰ: ਬੇਅਦਬੀ ਮਾਮਲਿਆਂ ਬਾਰੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ।  ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵਾਂਗ ਸ਼੍ਰੋ੍ਮਣੀ ਕਮੇਟੀ ਵੀ ਇਕ ਸਿੱਟ ਬਣਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀ ਸਿੱਟ ਬਣਨ ਦੀ ਉਡੀਕ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਆਪਣੀ ਸਿੱਟ ਬਣਾਵਾਂਗੇ। ਜੋ ਪੁਲਿਸ ਨੇ ਤਫ਼ਤੀਸ਼ ਕਰਨੀ ਹੈ, ਉਹ ਉਸ ਦਾ ਆਪਣਾ ਸਿਸਟਮ ਹੈ।

ਸਾਡੀ ਸਿੱਟ ਮੋਨੀਟਰੀ ਵਾਚ ਕਰੇਗੀ ਕਿ ਉਸ ’ਚ ਕੀ ਸੱਚ ਹੈ ਅਤੇ ਕੀ ਝੂਠ ਹੈ। ਉਸ ’ਚ 10-15 ਦਿਨ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੀ ਭੂਮਿਕਾ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ।

ਉਕਤ ਮੁਲਜ਼ਮ ਨੂੰ ਗੁਰਦੁਆਰਾ ਸਾਹਿਬ ’ਚ ਤਾਇਨਾਤ ਟਾਸਕ ਫੋਰਸ ਨੇ ਸ਼ੱਕ ਪੈਣ ’ਤੇ ਅੰਦਰ ਦਾਖਲ ਹੋਣ ਤੋਂ ਕਈ ਵਾਰ ਰੋਕਿਆ ਸੀ ਪਰ ਟਾਸਕ ਫੋਰਸ ਦੀ ਡਿਊਟੀ ਬਦਲਣ ’ਤੇ ਉਹ ਕਿਸੇ ਤਰ੍ਹਾਂ ਅੰਦਰ ਦਾਖਲ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਉਨ੍ਹਾਂ ਕਿਹਾ ਕਿ SIT ਦੇ ਫੈਸਲੇ ਤੋਂ ਬਾਅਦ ਇਸ ਸਬੰਧੀ CCTV ਫੁਟੇਜ ਦਿਖਾਈ ਜਾਵੇਗੀ। ਉੱਥੇ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ‘ਚ ਪੰਜਾਬ ਸਰਕਾਰ ਤੋਂ ਮਜ਼ਬੂਤ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਫਾਂਸੀ ਦੀ ਸਜ਼ਾ ਸੁਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਇਹ ਸਾਜਿਸ਼ ਰਚੀ ਗਈ ਸੀ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਕਪੂਰਥਲਾ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਜਲਦ ਤੋਂ ਜਲਦ ਜਾਂਚ ਕਰੇ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੰਨ੍ਹਾਂ ਘਟਨਾਵਾਂ ਨੂੰ ਲੈ ਕੇ ਕਿਹਾ ਕਿ ਇਹ ਬਹੁਤ ਵੱਡੀ ਸਾਜਿਸ਼ ਹੈ ਜਿਸ ਦਾ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ।