ਆਧੁਨਿਕ ਸਹੂਲਤਾਂ ਨਾਲ ਲੈਸ ਖਰੜ ਦਾ ਇਹ ਸਕੂਲ ਦੇ ਰਿਹਾ ਪ੍ਰਾਈਵੇਟ ਸਕੂਲਾਂ ਨੂੰ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੀਟ ਅਤੇ ਇੰਜੀਨੀਅਰਿੰਗ ਟੈਸਟ ਵੀ ਪਾਸ ਕਰ ਚੁੱਕੇ ਨੇ ਸਰਕਾਰੀ ਸਕੂਲ ਦੇ ਵਿਦਿਆਰਥੀ

Kharar Smart School

ਖਰੜ (ਹਰਸ਼ਦੀਪ ਸਿੰਘ): ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਲਗਾਤਾਰ ਸਰਕਾਰ ਕਦਮ ਚੁੱਕ ਰਹੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਰੜ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਉਹਨਾਂ ਦੇ ਹੁਨਰ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

ਸਕੂਲ ਵਿਚ ਦਿੱਤੀਆਂ ਜਾ ਰਹੀਆਂ ਅਧੁਨਿਕ ਸਕੂਲਾਂ ਤੋਂ ਪ੍ਰਭਾਵਿਤ ਹੋ ਕੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਸਰਕਾਰੀ ਸਕੂਲ ਵਿਚ ਦਾਖਲਾ ਲੈ ਰਹੇ ਹਨ। ਮਿਡ-ਡੇ ਮੀਲ ਸਮੇਤ ਕਈ ਸਹੂਲਤਾਂ ਨਾਲ ਲੈਸ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਇਹ ਸਮਾਰਟ ਸਕੂਲ 2018 ਵਿਚ ਬਣਿਆ ਸੀ ਅਤੇ ਇੱਥੇ 3 ਹਜ਼ਾਰ ਤੋਂ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ ਸਕੂਲ ਵਿਚ ਕੁੱਲ਼ 15 ਸਮਾਰਟ ਕਾਲਸ ਰੂਮ ਹਨ, ਜਿੱਥੇ ਵਿਦਿਆਰਥੀਆਂ ਨੂੰ ਐਲਈਡੀ ਅਤੇ ਪ੍ਰਾਜੈਕਟਰਾਂ ਰਾਹੀਂ ਪੜ੍ਹਾਇਆ ਜਾ ਰਿਹਾ ਹੈ।

ਸਕੂਲ ਦੇ ਸਾਰੇ ਕਮਰਿਆਂ ਵਿਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਬੱਚਿਆਂ ਨੂੰ ਪੜ੍ਹਾਉਣ ਲਈ ਚੰਗਾ ਤਜ਼ੁਰਬੇਕਾਰ ਸਟਾਫ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਦੇ ਚਲਦਿਆਂ ਸਕੂਲ ਦੀ ਇਮਾਰਤ ਨੂੰ ਹੋਰ ਵੱਡਾ ਬਣਾਉਣ ਲਈ ਸਰਕਾਰ ਵਲੋਂ ਜ਼ਮੀਨ ਅਲਾਟ ਕੀਤੀ ਗਈ ਹੈ, ਜਿੱਥੇ 100 ਕਲਾਸ ਰੂਮ ਬਣਾਏ ਜਾਣਗੇ। ਮੈਡਮ ਅਨੁਰੀਤ ਕੌਰ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਅਧੁਨਿਕ ਤਕਨੀਕ ਜ਼ਰੀਏ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੀ ਪੜ੍ਹਾਈ ਵਿਚ ਰੁਚੀ ਬਣੀ ਰਹੇ। ਵਿਦਿਆਰਥੀਆਂ ਨੂੰ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਰਾਹੀਂ ਵੀ ਪੜ੍ਹਾਇਆ ਜਾ ਰਿਹਾ ਹੈ।

ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਲਾ ਨਾਲ ਜੋੜਨ ਲਈ ਆਰਟ ਰੂਮ ਬਣਾਇਆ ਗਿਆ ਹੈ ਜਿਸ ਵਿਚ ਵਿਦਿਆਰਥੀ ਬਹੁਤ ਮਿਹਨਤ ਨਾਲ ਡਰਾਇੰਗ ਦਾ ਕੰਮ ਕਰਦੇ ਹਨ। ਮਿਡ-ਡੇ-ਮੀਲ ਸਕੀਮ ਤਹਿਤ ਬੱਚਿਆਂ ਨੂੰ ਸਾਫ ਸੁਥਰਾ ਅਤੇ ਪੋਸ਼ਟਿਕ ਖਾਣਾ ਦਿੱਤਾ ਜਾਂਦਾ ਹੈ। ਸਕੂਲ ਦੇ ਵਾਇਸ ਪ੍ਰਿੰਸੀਪਲ ਅਤੇ ਬਾਇਓਲਾਜੀ ਦੇ ਲੈਕਚਰਾਰ ਮੈਡਮ ਹਰਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਕਈ ਸਟਾਫ ਮੈਂਬਰਾਂ ਦੇ ਬੱਚੇ ਇਸੇ ਸਕੂਲ ਵਿਚ ਪੜ੍ਹਾਈ ਕਰ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦੀ ਅਪਣੀ ਬੇਟੀ ਵੀ ਇਸੇ ਸਕੂਲ ਵਿਚ 10ਵੀਂ ਜਮਾਤ ਵਿਚ ਪੜ੍ਹ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਕੂਲ ਵਿਚ ਸੁਧਾਰ ਲਿਆਉਣ ਲਈ ਕਾਫੀ ਮਦਦ ਕੀਤੀ ਹੈ।

ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਗੱਲ਼ ਕਰਦਿਆਂ ਅਧਿਆਪਕਾਂ ਨੇ ਦੱਸਿਆ ਕਿ ਕਈ ਵਿਦਿਆਰਥੀਆਂ ਦੀ ਨੀਟ ਅਤੇ ਜੇਈਈ ਵਿਚ ਚੋਣ ਹੋਈ ਹੈ। ਸਕੂਲ ਦੀ ਵਿਦਿਆਰਥਣ ਤਮੰਨਾ ਦੀ ਇਸੇ ਸਾਲ ਆਈਆਈਟੀ ਵਾਰਾਣਸੀ ਵਿਚ ਚੋਣ ਹੋਈ ਅਤੇ ਇਕ ਵਿਦਿਆਰਥਣ ਦੀ ਇੰਜੀਨੀਅਰਿੰਗ ਵਿਸ਼ੇ ਵਿਚ ਐਨਆਈਟੀ ਜਲੰਧਰ ਵਿਚ ਚੋਣ ਹੋਈ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਲਏ ਜਾ ਰਹੇ ਫੈਸਲਿਆਂ ਲਈ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦੇ ਹਨ।