CM ਚੰਨੀ ਦੀ ਕਾਰਗੁਜ਼ਾਰੀ ਤੋਂ ਖੁਸ਼ ਬਠਿੰਡਾ ਵਾਸੀ, ਸ਼ਹਿਰੀ ਲੋਕਾਂ ਨੂੰ ਮਿਲ ਰਿਹਾ ਸਹੂਲਤਾਂ ਦਾ ਲਾਭ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਕੀਤੇ ਗਏ ਐਲਾਨ ਜ਼ਮੀਨੀ ਪੱਧਰ ’ਤੇ ਵੀ ਚੰਗੀ ਤਰ੍ਹਾਂ ਲਾਗੂ ਹੋਏ ਹਨ।

People of Bathinda

ਬਠਿੰਡਾ (ਵਿਕਰਮ ਕੁਮਾਰ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਕੀਤੇ ਗਏ ਐਲਾਨ ਜ਼ਮੀਨੀ ਪੱਧਰ ’ਤੇ ਵੀ ਚੰਗੀ ਤਰ੍ਹਾਂ ਲਾਗੂ ਹੋਏ ਹਨ। ਬਠਿੰਡਾ ਦੇ ਲੋਕ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੀਤੇ ਗਏ ਕੰਮਾਂ ਤੋਂ ਬਹੁਤ ਖੁਸ਼ ਹਨ, ਇਹੀ ਕਾਰਨ ਹੈ ਕਿ ਉਹ ਅਗਲੀ ਵਾਰ ਵੀ ਮੁੱਖ ਮੰਤਰੀ ਚੰਨੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ।

ਪੰਜਾਬ ਸਰਕਾਰ ਦੀਆਂ ਲੋਕ ਪੱਖੀ ਸਹੂਲਤਾਂ ਦਾ ਲਾਭ ਲੈ ਰਹੇ ਬਠਿੰਡਾ ਦੇ ਰਹਿਣ ਵਾਲੇ ਜਗਜੀਤ ਜੀਤੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਦੀ ਕਾਰਗੁਜ਼ਾਰੀ ਤੋਂ ਉਹ ਬਹੁਤ ਖੁਸ਼ ਹਨ ਅਤੇ ਲੋਕਾਂ ਨੂੰ ਸਰਕਾਰ ਦੇ ਫੈਸਲਿਆਂ ਨਾਲ ਬਹੁਤ ਫਾਇਦਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਸੀਵਰੇਜ ਬਿੱਲ ਮਾਫ ਕਰਕੇ ਅਤੇ ਪਾਣੀ ਦੇ ਬਿੱਲ ਘਟਾ ਕੇ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕਈ ਲੋਕਾਂ ਦੇ 10-10 ਹਜ਼ਾਰ ਰੁਪਏ ਦੇ ਬਿੱਲ ਬਕਾਇਆ ਸੀ, ਜਿਸ ਨੂੰ ਸਰਕਾਰ ਵਲੋਂ ਮਾਫ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ਨਾਲ ਵੀ ਆਮ ਵਿਅਕਤੀ ਨੂੰ ਰਾਹਤ ਮਿਲੀ ਹੈ।

ਇਕ ਹੋਰ ਵਿਅਕਤੀ ਜਰਨੈਲ ਸਿੰਘ ਨੇ ਦੱਸਿਆ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧ ਹੋਣ ਕਾਰਨ ਮਹਿੰਗਾਈ ਤੋਂ ਤੰਗ ਆ ਕੇ ਕਈ ਲੋਕਾਂ ਨੇ ਸਾਈਕਲ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ ਪਰ ਚੰਨੀ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਸੀਵਰੇਜ ਬਿੱਲ ਮਾਫ ਕਰਨ ਲਈ ਵੀ ਉਹ ਚੰਨੀ ਸਰਕਾਰ ਦਾ ਧੰਨਵਾਦ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਚੰਨੀ ਸਾਬ੍ਹ ਨੂੰ ਜਿੰਨਾ ਸਮਾਂ ਮਿਲਿਆ ਉਹ ਬਹੁਤ ਚੰਗੀ ਕੋਸ਼ਿਸ਼ ਕਰ ਰਹੇ ਨੇ, ਲੋਕ ਉਹਨਾਂ ਤੋਂ ਬਹੁਤ ਖੁਸ਼ ਹਨ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਹਿੰਗਾਈ ਤੋਂ ਲੋਕਾਂ ਨੂੰ ਹੋਰ ਰਾਹਤ ਮਿਲਣੀ ਚਾਹੀਦੀ ਹੈ।

ਬੇਅੰਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲਿਆਂ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਠਿੰਡਾ ਵਿਚ ਕਈ ਲੋਕਾਂ ਦੇ ਬਿਜਲੀ ਜਾਂ ਪਾਣੀ ਦੇ ਬਕਾਇਆ ਬਿੱਲ ਡੇਢ ਲੱਖ ਤੱਕ ਪਹੁੰਚ ਚੁੱਕੇ ਸੀ, ਜਿਨ੍ਹਾਂ ਨੂੰ ਲੋਕ ਭਰਨ ਵਿਚ ਅਸਮਰੱਥ ਸਨ ਪਰ ਪੰਜਾਬ ਸਰਕਾਰ ਨੇ ਇਹਨਾਂ ਬਿੱਲਾਂ ਨੂੰ ਮਾਫ ਕਰਕੇ ਲੋਕਾਂ ਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਹੈ।

ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਲੋਕਾਂ ਵਿਚ ਭਾਰੀ ਖੁਸ਼ੀ ਹੈ। ਬਠਿੰਡਾ ਦੇ ਰਹਿਣ ਵਾਲੇ ਬਲਤੇਜ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਲੋਕ ਪਹਿਲਾਂ ਹੀ ਆਰਥਕ ਪੱਖੋਂ ਤੰਗੀ ਦਾ ਸਾਹਮਣਾ ਕਰ ਰਹੇ ਸਨ, ਇਸ ਦੌਰਾਨ ਉਹਨਾਂ ਨੂੰ ਬਿਜਲੀ ਅਤੇ ਪਾਣੀ ਬਿੱਲ ਭਰਨ ਵਿਚ ਬਹੁਤ ਮੁਸ਼ਕਿਲ ਆਉਂਦੀ ਸੀ ਪਰ ਸਰਕਾਰ ਨੇ ਸਾਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ, ਇਸ ਦੇ ਲਈ ਸਮੁੱਚਾ ਪੰਜਾਬ ਉਹਨਾਂ ਦਾ ਧੰਨਵਾਦੀ ਰਹੇਗਾ।