ਲੁਧਿਆਣਾ 'ਚ ਰੇਲਗੱਡੀ ਦੀ ਲਪੇਟ 'ਚ ਆਏ 2 ਨੌਜਵਾਨ : ਇਕ ਦੀ ਮੌਤ, ਦੂਜਾ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਦੋਵੇਂ ਖਾਣਾ ਖਾਣ ਲਈ ਕਮਰੇ 'ਚ ਜਾ ਰਹੇ ਸਨ ਕਿ ਅਚਾਨਕ ਟਰੇਨ ਦੀ ਲਪੇਟ 'ਚ ਆ ਗਏ...

2 youths were hit by a train in Ludhiana: one died, the other injured

 

ਲੁਧਿਆਣਾ - ਪੰਜਾਬ ਦੇ ਲੁਧਿਆਣਾ 'ਚ ਫ਼ਿਰੋਜ਼ਪੁਰ ਰੇਲਵੇ ਲਾਈਨ ਅਬਦੁੱਲਾਪੁਰ ਫਾਟਕ 'ਤੇ ਦੋ ਨੌਜਵਾਨ ਰੇਲਗੱਡੀ ਹੇਠਾਂ ਆ ਗਏ। ਜਿਸ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਦਾ ਹੱਥ ਕੱਟ ਕੇ ਰੇਲਵੇ ਟਰੈਕ 'ਤੇ ਡਿੱਗ ਗਿਆ। ਰੇਲਵੇ ਲਾਈਨ 'ਤੇ ਰੌਲਾ ਪੈਣ ਤੋਂ ਬਾਅਦ ਲੋਕ ਤੁਰੰਤ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਇਹ ਹਾਦਸਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕੁਝ ਕਿਲੋਮੀਟਰ ਦੂਰ ਵਾਪਰਿਆ। ਹਾਦਸੇ ਕਾਰਨ ਰੇਲਗੱਡੀ ਕਰੀਬ 45 ਮਿੰਟ ਰੁਕੀ ਰਹੀ। ਲੋਕੋ ਪਾਇਲਟ ਨੇ ਤੁਰੰਤ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਦੇ ਜਵਾਨ ਮੌਕੇ 'ਤੇ ਪਹੁੰਚ ਗਏ।

ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਵਜੋਂ ਹੋਈ ਹੈ। ਜ਼ਖਮੀ ਦਾ ਨਾਂ ਰਵੀ ਸ਼ੰਕਰ ਹੈ। ਰਵੀਸ਼ੰਕਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਪਾਸੇ ਕਰ ਦਿੱਤਾ।

ਹਾਦਸੇ 'ਚ ਮਾਰੇ ਗਏ ਰੋਹਿਤ ਅਤੇ ਜ਼ਖਮੀ ਰਵੀ ਦੋਵੇਂ ਉੱਤਰ ਪ੍ਰਦੇਸ਼ ਦੇ ਉਨਾਓ ਪਿੰਡ ਦੇ ਰਹਿਣ ਵਾਲੇ ਹਨ। ਉਹ ਲੁਧਿਆਣਾ ਦੀ ਅਬਦੁੱਲਾਪੁਰ ਬਸਤੀ ਵਿੱਚ ਰਹਿੰਦੇ ਸਨ। ਦੋਵੇਂ ਖਾਣਾ ਖਾਣ ਲਈ ਕਮਰੇ 'ਚ ਜਾ ਰਹੇ ਸਨ ਕਿ ਅਚਾਨਕ ਟਰੇਨ ਦੀ ਲਪੇਟ 'ਚ ਆ ਗਏ। ਆਸਪਾਸ ਦੇ ਲੋਕਾਂ ਨੇ ਮ੍ਰਿਤਕ ਦੀ ਪਛਾਣ ਕੀਤੀ ਅਤੇ ਘਟਨਾ ਬਾਰੇ ਉਸ ਦੇ ਭਰਾ ਨੂੰ ਸੂਚਿਤ ਕੀਤਾ।

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਥਾਂ 'ਤੇ ਹਰ ਰੋਜ਼ ਰੇਲ ਹਾਦਸੇ ਵਾਪਰਦੇ ਰਹਿੰਦੇ ਹਨ। ਇਹ ਹਾਦਸਾ ਲੋਕਾਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਕੰਨਾਂ ਵਿੱਚ ਹੈੱਡਫੋਨ ਲਗਾਉਣ ਜਾਂ ਜਲਦਬਾਜ਼ੀ ਵਿੱਚ ਰੇਲਵੇ ਟਰੈਕ ਪਾਰ ਕਰਨ ਕਾਰਨ ਅਜਿਹੇ ਹਾਦਸੇ ਅਕਸਰ ਵਾਪਰਦੇ ਹਨ। ਇਸ ਦੇ ਨਾਲ ਹੀ ਕੁਝ ਨਸ਼ੇੜੀ ਵੀ ਅਕਸਰ ਰੇਲਵੇ ਟਰੈਕ 'ਤੇ ਡੇਰੇ ਲਾ ਲੈਂਦੇ ਹਨ।