ਬਠਿੰਡਾ ਪੁਲਿਸ ਦੀ ਮਾਪਿਆਂ ਨੂੰ ਅਪੀਲ: 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿੱਤਾ ਜਾਵੇ ਵਾਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪਿਆਂ ਨੂੰ ਹੋ ਸਕਦੀ ਹੈ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ

Bathinda Traffic Police's appeal to parents



ਬਠਿੰਡਾ: ਜ਼ਿਲ੍ਹੇ ਦੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਵਾਹਨ ਨਾ ਚਲਾਉਣ ਦੇਣ। ਜੇਕਰ ਕੋਈ ਨਾਬਾਲਗ ਬੱਚਾ ਵਾਹਨ ਸਣੇ ਫੜਿਆ ਜਾਂਦਾ ਹੈ ਤਾਂ ਪੁਲਿਸ ਸਖ਼ਤ ਕਾਰਵਾਈ ਕਰੇਗੀ। ਇਸ ਦੌਰਾਨ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਬੱਚੇ ਦੇ ਮਾਪਿਆਂ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੁਰਘਟਨਾ ਦਾ ਕਾਰਨ ਬਣੇ ਨਾਬਾਲਗ ਦੇ ਡਰਾਈਵਿੰਗ ਲਾਇਸੰਸ 'ਤੇ ਵੀ ਪਾਬੰਦੀ ਹੋਵੇਗੀ ਅਤੇ ਉਸ ਦਾ ਡਰਾਈਵਿੰਗ ਲਾਇਸੰਸ 25 ਸਾਲ ਦੀ ਉਮਰ ਤੋਂ ਬਾਅਦ ਹੀ ਬਣਾਇਆ ਜਾਵੇਗਾ।

ਟਰੈਫਿਕ ਸਟੇਸ਼ਨ ਇੰਚਾਰਜ ਅਮਰੀਕ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਵਾਹਨ ਨਾ ਚਲਾਉਣ ਦੇਣ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਨਾਬਾਲਗ ਬੱਚਿਆਂ ਨੂੰ ਸੜਕਾਂ ’ਤੇ ਵਾਹਨ ਲੈ ਕੇ ਜਾਣ ਤੋਂ ਰੋਕਿਆ ਜਾ ਸਕੇ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕੋਈ ਨਾਬਾਲਗ ਬੱਚਾ ਦੁਰਘਟਨਾ ਦਾ ਸ਼ਿਕਾਰ ਹੁੰਦਾ ਹੈ ਤਾਂ ਇਸ ਲਈ ਬੱਚੇ ਦੇ ਮਾਤਾ-ਪਿਤਾ ਜ਼ਿੰਮੇਵਾਰ ਹੋਣਗੇ।

ਉਹਨਾਂ ਕਿਹਾ ਕਿ ਜੇਕਰ ਹਾਦਸੇ ਵਿਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰੇਗੀ। ਇਸ ਤੋਂ ਇਲਾਵਾ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਜਾਵੇਗਾ। ਇੰਨਾ ਹੀ ਨਹੀਂ ਜੇਕਰ ਬੱਚੇ ਨੂੰ ਡਰਾਈਵਿੰਗ ਲਾਇਸੰਸ ਵੀ ਮਿਲ ਜਾਂਦਾ ਹੈ ਤਾਂ ਉਸ ਦੇ 25 ਸਾਲ ਦੇ ਹੋਣ ਤੱਕ ਇਸ 'ਤੇ ਪਾਬੰਦੀ ਰਹੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੈਫਿਕ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਸ਼ਹਿਰ ਵਿਚ ਹਾਦਸਿਆਂ ਦੀ ਦਰ ਨੂੰ ਘਟਾਇਆ ਜਾ ਸਕੇ।

ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਹਾਦਸਿਆਂ ਦੀ ਦਰ ਵਧਦੀ ਹੈ, ਸਗੋਂ ਛੋਟੇ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਹੈ। ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਉਹ ਵਾਹਨ ਚਲਾਉਂਦੇ ਸਮੇਂ ਅਕਸਰ ਗਲਤੀਆਂ ਕਰ ਬੈਠਦੇ ਹਨ, ਜਿਸ ਕਾਰਨ ਉਹਨਾਂ ਨੂੰ ਅਤੇ ਸੜਕ 'ਤੇ ਚੱਲਣ ਵਾਲੇ ਹੋਰ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।