ਨਵੇਂ ਸਾਲ 'ਤੇ ਅੰਮ੍ਰਿਤਸਰ, ਗੁਰਦਾਸਪੁਰ ਤੇ ਬਟਾਲਾ ਵਿੱਚ ਪ੍ਰਮੁੱਖ ਜਾਇਦਾਦਾਂ ਖਰੀਦਣ ਦਾ ਸੁਨਹਿਰੀ ਮੌਕਾ

ਏਜੰਸੀ

ਖ਼ਬਰਾਂ, ਪੰਜਾਬ

ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾਂ ਦੀ ਈ-ਨਿਲਾਮੀ 2 ਜਨਵਰੀ ਤੋਂ ਹੋਵੇਗੀ ਸ਼ੁਰੂ

Golden opportunity to buy prime properties in Amritsar, Gurdaspur and Batala on New Year

 

ਚੰਡੀਗੜ੍ਹ : ਨਵੇਂ ਵਰ੍ਹੇ ਦੀ ਆਮਦ ਉਤੇ ਅੰਮਿ੍ਤਸਰ ਵਿਕਾਸ ਅਥਾਰਟੀ (ਏ.ਡੀ.ਏ.) ਵੱਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਸ ਈ-ਨਿਲਾਮੀ ਵਿੱਚ ਖਰੀਦ ਲਈ ਉਪਲਬਧ ਜਾਇਦਾਦਾਂ ਵਿੱਚ 52 ਰਿਹਾਇਸ਼ੀ ਪਲਾਟ, 12 ਦੁਕਾਨਾਂ, 14 ਐਸ.ਸੀ.ਓਜ਼. ਅਤੇ ਇੱਕ ਸਕੂਲ ਦੀ ਸਾਈਟ ਸ਼ਾਮਲ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਈ-ਨਿਲਾਮੀ 2 ਜਨਵਰੀ, 2023 ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ 12 ਜਨਵਰੀ, 2023 ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ। ਇਸ ਬੋਲੀ ਵਿੱਚ ਉਪਲਬਧ ਸਾਰੀਆਂ ਜਾਇਦਾਦਾਂ ਅਜਿਹੇ ਸਥਾਨਾਂ ਉਤੇ ਹਨ, ਜੋ ਰਿਹਾਇਸ਼ ਅਤੇ ਨਵੇਂ ਕਾਰੋਬਾਰ ਸ਼ੁਰੂ ਕਰਨ ਲਈ ਬਿਲਕੁਲ ਢੁਕਵੀਆਂ ਹਨ।

ਬੁਲਾਰੇ ਨੇ ਦੱਸਿਆ ਕਿ ਰਿਹਾਇਸ਼ੀ ਪਲਾਟਾਂ ਦੀ ਕੀਮਤ 15.69 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ ਜਦੋਂਕਿ ਵਪਾਰਕ ਜਾਇਦਾਦਾਂ ਦੀ ਮੁੱਢਲੀ ਕੀਮਤ 47.40 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਪੁੱਡਾ ਐਵੀਨਿਊ, ਗੁਰਦਾਸਪੁਰ ਵਿਖੇ ਸਥਿਤ ਸਕੂਲ ਦੀ ਸਾਈਟ ਦੀ ਕੀਮਤ 6.86 ਕਰੋੜ ਰੁਪਏ ਰੱਖੀ ਗਈ ਹੈ। ਇਹ ਸਕੂਲ ਸਾਈਟ ਦਾ ਖੇਤਰ 3440 ਵਰਗ ਮੀਟਰ ਹੈ।

ਬੁਲਾਰੇ ਨੇ ਦੱਸਿਆ ਕਿ ਸਫ਼ਲ ਬੋਲੀਕਾਰਾਂ ਨੂੰ ਬੋਲੀ ਦੀ 25 ਫ਼ੀਸਦ ਰਕਮ ਦੀ ਅਦਾਇਗੀ ਕਰਨ ਉਤੇ ਜਾਇਦਾਦ ਦਾ ਕਬਜ਼ਾ ਮਿਲ ਜਾਵੇਗਾ ਅਤੇ ਬਾਕੀ ਰਕਮ 9.5 ਫ਼ੀਸਦੀ ਸਾਲਾਨਾ ਵਿਆਜ ਦਰ ਦੇ ਨਾਲ ਕਿਸ਼ਤਾਂ ਵਿੱਚ ਅਦਾ ਕਰਨੀ ਹੋਵੇਗੀ।

ਈ-ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਸਾਈਟਾਂ ਦੀ ਰਾਖਵੀਂ ਕੀਮਤ, ਲੋਕੇਸ਼ਨ ਪਲਾਨ, ਭੁਗਤਾਨ ਸਬੰਧੀ ਯੋਜਨਾ ਆਦਿ ਸਾਰੇ ਵੇਰਵੇ ਪੋਰਟਲ www.puda.e-auctions.in 'ਤੇ ਉਪਲਬਧ ਹੋਣਗੇ । ਬੁਲਾਰੇ ਨੇ ਕਿਹਾ ਕਿ ਚਾਹਵਾਨ ਬੋਲੀਕਾਰ ਇਸ ਪੋਰਟਲ ਉਤੇ ਆਪਣੀਆਂ ਮਨਪਸੰਦ ਸਾਈਟਾਂ ਲਈ ਬੋਲੀ ਲਗਾਉਣ ਤੋਂ ਪਹਿਲਾਂ ਪੂਰੀ ਜਾਣਕਾਰੀ ਲੈ ਸਕਦੇ ਹਨ।