ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ’ਤੇ ਪਨਬੱਸ ਵਰਕਰਾਂ ਵਿਚਾਲੇ ਬਣੀ ਸਹਿਮਤੀ- ਰੇਸ਼ਮ ਸਿੰਘ ਗਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਟਿੰਗ ਵਿਚ ਮੰਨੀਆਂ ਮੰਗਾਂ ਦਾ ਹੱਲ ਨਾ ਹੋਣ ’ਤੇ ਮੁਕੰਮਲ ਚੱਕਾ ਜਾਮ ਕੀਤੇ ਜਾਣ ਦਾ ਐਲਾਨ

Punjab Roadways, Punbus and PRTC Contract Workers Union

 

ਚੰਡੀਗੜ੍ਹ: ਪੰਜਾਬ ਸਰਕਾਰ ਨਾਲ ਮੀਟਿੰਗ ਮਗਰੋਂ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਨੇ ਯੂਨੀਅਨ ਦੇ ਸਮੂਹ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮਗਰੋਂ ਯੂਨੀਅਨ ਦੇ ਆਗੂ ਸ਼ਮਸੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨਾਲ ਮੀਟਿੰਗ ਹੋਈ, ਜਿਸ ਵਿਚ ਕਈ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਪਨਬੱਸ ਤੇ ਪੀਆਰਟੀਸੀ ਦੀ ਮੈਨੇਜਮੈਂਟ ਟਰਾਂਸਪੋਰਟ ਸਕੱਤਰ ਵੀ ਸ਼ਾਮਲ ਸਨ।

ਸਰਕਾਰ ਨੇ ਕਈ ਮੰਗਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨਵੇਂ ਸਾਲ ਵਿਚ ਮਹਿਕਮੇ ਵਾਈਜ਼ ਫੈਸਲਾ ਕਰਕੇ ਪੱਕਾ ਕੀਤਾ ਜਾਵੇਗਾ, ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਦੁਬਾਰਾ ਰਿਵਾਈਜ਼ ਕੀਤਾ ਜਾਵੇਗਾ ਅਤੇ ਕਮੇਟੀਆਂ ਬਣਾ ਕੇ ਇਸ ਦਾ ਹੱਲ ਕੱਢਿਆ ਜਾਵੇਗਾ, ਮਹਿਕਮੇ ਵਿਚ ਸਰਵਿਸਿਜ਼ ਰੂਲ ਬਣਾ ਕੇ ਮੁਲਾਜ਼ਮਾਂ ਨੂੰ ਕੱਢਿਆ ਨਾ ਜਾਵੇ ਇਸ ਦੇ ਲਈ ਵਿਭਾਗ ਅਤੇ ਯੂਨੀਅਨ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਈ ਜਾਵੇਗੀ, ਤਨਖ਼ਾਹ ਵਿਚ ਇਕਸਾਰਤਾ ਅਤੇ 5% ਵਾਧਾ ਲਾਗੂ ਕਰਨ ਸਣੇ ਕਈ ਮੰਗਾਂ ’ਤੇ ਭਰੋਸਾ ਮਿਲਿਆ ਹੈ।

ਉਹਨਾਂ ਦੱਸਿਆ ਕਿ ਇਸ ਦੇ ਲਈ ਮੁੱਖ ਸਕੱਤਰ ਪੰਜਾਬ ਨੇ ਇਕ ਮਹੀਨੇ ਦਾ ਸਮਾਂ ਮੰਗਿਆ ਹੈ।  ਇਸ ਤੋਂ ਇਲਾਵਾ 28 ਡਰਾਈਵਰਾਂ ਦੀ ਭਰਤੀ ਸਬੰਧੀ ਸਬੂਤ ਦੇਣ ਤੋਂ ਬਾਅਦ ਇਸ ਦੀ ਡੂੰਘਾਈ ਜਾਂਚ ਕੀਤੀ ਜਾਵੇਗੀ ਅਤੇ ਭਰਤੀ ਗਲਤ ਸਾਬਿਤ ਹੋਣ ’ਤੇ ਭਰਤੀ ਰੱਦ ਕੀਤੀ ਜਵੇਗੀ। ਯੂਨੀਅਰ ਦੀ 27 ਦਸੰਬਰ ਨੂੰ ਸਕੱਤਰ ਸਟੇਟ ਟਰਾਂਸਪੋਰਟ ਪੰਜਾਬ ਨਾਲ ਮੁੜ ਮੀਟਿੰਗ ਹੋਵੇਗੀ।  ਸਰਕਾਰ ਦੇ ਭਰੋਸੇ ਅਤੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਯੂਨੀਅਨ ਨੇ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਮੀਟਿੰਗ ਵਿਚ ਮੰਨੀਆਂ ਮੰਗਾਂ ਦਾ ਹੱਲ ਨਾ ਹੋਣ ’ਤੇ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ।