ਜਲੰਧਰ ਦੇ ਲਤੀਫਪੁਰਾ 'ਚ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਮਕਾਨ ਢਾਹੇ ਜਾਣ ਦਾ ਮਾਮਲਾ: ਵਿਜੇ ਸਾਂਪਲਾ 21 ਦਸੰਬਰ ਨੂੰ ਕਰਨਗੇ ਲਤੀਫਪੁਰਾ ਦਾ ਦੌਰਾ

ਏਜੰਸੀ

ਖ਼ਬਰਾਂ, ਪੰਜਾਬ

ਸਾਂਪਲਾ ਲਤੀਫਪੁਰਾ ਦੇ ਐਸਸੀ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਪ੍ਰਸ਼ਾਸਨ ਨਾਲ ਮੀਟਿੰਗ ਕਰਨਗੇ

The case of demolition of houses of Scheduled Caste people in Latifpura of Jalandhar: Vijay Sampla will visit Latifpura on December 21

 

ਚੰਡੀਗੜ੍ਹ-ਜਲੰਧਰ ਦੇ ਲਤੀਫਪੁਰਾ ਇਲਾਕੇ 'ਚ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਮੁਹਿੰਮ ਦੌਰਾਨ ਐੱਸ.ਸੀ. ਭਾਈਚਾਰੇ ਦੇ ਘਰਾਂ ਨੂੰ ਢਾਹੁਣ ਤੋਂ ਬਾਅਦ ਕੜਾਕੇ ਦੀ ਠੰਢ ਵਿੱਚ ਬੇਘਰ ਹੋਏ ਇਨ੍ਹਾਂ ਲੋਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਸਖ਼ਤ ਨੋਟਿਸ ਲੈਂਦਿਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐਨ.ਸੀ.ਐਸ.ਸੀ.) ਦੇ ਚੇਅਰਮੈਨ ਵਿਜੇ ਸਾਂਪਲਾ ਬੁੱਧਵਾਰ 21 ਦਸੰਬਰ ਨੂੰ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।

ਸਵੇਰੇ ਕਰੀਬ 11.30 ਵਜੇ ਲਤੀਫਪੁਰਾ ਦੇ ਪੀੜਤ ਅਨੁਸੂਚਿਤ ਜਾਤੀ ਪਰਿਵਾਰਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਵਿਜੇ ਸਾਂਪਲਾ ਸਰਕਟ ਹਾਊਸ ਵਿਖੇ ਜਲੰਧਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਪੀੜਤ ਦਲਿਤਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਸਬੰਧੀ ਮੀਟਿੰਗ ਕਰਨਗੇ।

ਕਮਿਸ਼ਨ ਨੂੰ ਹਾਲ ਹੀ ਵਿੱਚ ਸ੍ਰੀ ਗੁਰੂ ਰਵਿਦਾਸ ਸੰਘਰਸ਼ ਸਮਿਤੀ ਵੱਲੋਂ ਇਸ ਸਬੰਧ ਵਿੱਚ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਮਕਾਨਾਂ ਨੂੰ ਢਾਹੇ ਜਾਣ ਦਾ ਮੁੱਦਾ ਉਠਾਇਆ ਗਿਆ ਸੀ। ਸ਼ਿਕਾਇਤ ਅਨੁਸਾਰ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਮਕਾਨ ਢਾਹੁਣ ਦੀ ਇਹ ਮੁਹਿੰਮ ਚਲਾਈ ਸੀ।

ਸ਼ਿਕਾਇਤ ਤੋਂ ਬਾਅਦ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਪੁਲਿਸ (ਪੰਜਾਬ) ਦੇ ਨਾਲ-ਨਾਲ ਕਮਿਸ਼ਨਰ ਨਗਰ ਨਿਗਮ, ਪੁਲਿਸ ਕਮਿਸ਼ਨਰ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਪੂਰੇ ਮਾਮਲੇ ਦੀ ਜਾਂਚ ਕਰਕੇ ਤੱਥਾਂ 'ਤੇ ਆਧਾਰਿਤ ਕਾਰਵਾਈ ਰਿਪੋਰਟ ਭੇਜਣ ਲਈ ਕਿਹਾ ਸੀ।