‘ਬਾਦਲ ਲੋਕਾਂ ਵਲੋਂ ਨਕਾਰੇ ਜਾ ਚੁਕੇ ਹਨ ਇਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣਾ ਚਾਹੀਦੈ’ : ਵਕੀਲ ਈਮਾਨ ਸਿੰਘ ਖਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਅਕਾਲੀ ਆਗੂ ਗਿਆਨੀ ਹਰਪ੍ਰੀਤ ਸਿੰਘ ਨਾਲ ਕੱਢ ਰਹੇ ਹਨ ਖੁੰਦਕ

'Badal has been rejected by the people and the Shiromani Committee should be freed from them': Lawyer Iman Singh Khara

ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਕਬਜ਼ੇ ਹੇਠ ਹੈ ਤੇ ਜਦੋਂ ਤੋਂ ਇਸ ਉਪਰ ਇਹ ਪਰਵਾਰ ਕਾਬਜ਼ ਹੋਇਆ ਹੈ, ਕਮੇਟੀ ਨਿਘਾਰ ਵਲ ਹੀ ਜਾ ਰਹੀ ਹੈ। ਇਸ ਪਰਵਾਰ ਦਾ ਸ਼੍ਰੋਮਣੀ ਕਮੇਟੀ ਤੋਂ ਗਲਬਾ ਖ਼ਤਮ ਕਰਵਾਉਣ ਲਈ ਕਈ ਵਾਰ ਹੰਭਲਾ ਮਾਰਿਆ ਗਿਆ ਪਰ ਜੀ ਹਜ਼ੂਰੀਆਂ ਨੇ ਸੰਗਤਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿਤਾ। 2 ਦਸੰਬਰ ਦੇ ਘਟਨਾਕ੍ਰਮ ਤੋਂ ਬਾਅਦ ਇਕ ਵਾਰ ਫਿਰ ਇਹ ਮੰਗ ਉਠਣੀ ਸ਼ੁਰੂ ਹੋ ਗਈ ਹੈ ਕਿ ਕਮੇਟੀ ਨੂੰ ਇਨ੍ਹਾਂ ਦੇ ਕਬਜ਼ੇ ’ਚੋਂ ਕਢਿਆ ਜਾਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀਰਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਮੁਅੱਤਲ ਕਰ ਦਿਤਾ। ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਅਕਾਲੀ ਦਲ ਦੇ ਪੁਨਰਗਠਨ ਬਾਰੇ ਸ੍ਰੀ ਅਕਾਲ ਤਖ਼ਤ ਦੇ ਫ਼ੈਸਲਿਆਂ ਤੋਂ ਧਿਆਨ ਹਟਾਉਣ ਲਈ ਉਨ੍ਹਾਂ ਦੇ ਚਰਿੱਤਰ ਹਤਿਆ ਦੀ ਕੋਸ਼ਿਸ਼ ਕਰ ਰਹੇ ਹਨ।

ਅਕਾਲ ਤਖ਼ਤ ਦੇ 2 ਦਸੰਬਰ ਦੇ ਫ਼ੈਸਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਸੋਸ਼ਲ ਮੀਡੀਆ ’ਤੇ ਟਰੋਲਿੰਗ ਦਾ ਸਾਹਮਣਾ ਕਰ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਦੋਸ਼ ਲਾਇਆ ਕਿ ਸੋਸ਼ਲ ਮੀਡੀਆ ’ਤੇ ਦਿਖਾਈ ਦੇਣ ਵਾਲੇ -ਬਦਨਾਮੀ ਦੇ ਦੋਸ਼ਾਂ’ ਪਿੱਛੇ ਕੱੁਝ ਅਕਾਲੀ ਆਗੂ ਸਨ। ਅੱਜ ਸਪੋਸਕਸਮੈਨ ਦੀ ਟੀਮ ਵਿਰਸਾ ਸਿੰਘ ਵਲਟੋਹਾ ਵਲੋਂ ਸਾਂਝੀ ਕੀਤੀ ਇਕ ਵੀਡੀਉ ਸਬੰਧੀ ਗੱਲਬਾਤ ਕਰਨ ਵਕੀਲ ਇਮਾਨ ਸਿੰਘ ਖਾਰਾ ਕੋਲ ਪੁੱਜੀ।

ਵਕੀਲ ਇਮਾਨ ਸਿੰਘ ਖਾਰਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਥੇਦਾਰ ਗਿਆਨੀ ਰਘੁਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰੰਘ  ਅਤੇ ਬਾਕੀ ਜਥੇਦਾਰਾਂ ਨੇ ਜੋ ਇਤਿਹਾਸਕ ਫ਼ੈਸਲਾ ਲਿਆ ਸੀ ਕਿ ਜਿੰਨੇ ਪੰਥ ਦੇ ਦੋਸ਼ੀ ਨੇ ਕੌਮ ਨੂੰ ਢਾਹ ਲਾਉਣ ਵਾਲੇ ਨੇ ਜੋ ਬਾਦਲ ਪਾਰਟੀ ਹੈ ਉਨ੍ਹਾਂ ਕਟਹਿਰੇ ਵਿਚ ਖੜਾ ਕੀਤਾ ਤੇ ਪੂਰੀ ਸਿੱਖ ਕੌਮ ਅੱਗੇ ਉਨ੍ਹਾਂ ਨੂੰ ਨੰਗਾ ਕੀਤਾ। ਉਸ ਤੋਂ ਬਾਅਦ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੋਂ ਸੁਖਬੀਰ ਸਿੰੰਘ ਬਾਦਲ ਨੇ ਅਪਣੇ ਦੋਸ਼ ਕਬੁੂਲੇ ਹਨ ਉਦੋਂ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਕ ਹਾਰੇ ਹੋਏ ਨੇਤਾ ਵਿਰਸਾ ਸਿੰਘ ਵਲਟੋਹਾ ਵਲੋਂ ਸਿੰਘ ਸਾਹਿਬਾਨ ਦੀ ਆਡੀਉ ਤੇ ਵੀਡੀਉ ਰੀਕਾਰਡਿੰਗ ਕੀਤੀ ਤੇ ਉਸ ਨੂੰ ਜਾਣ ਬੁਝ ਕੇ ਜਨਤਕ ਕਰ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਾਖੋਰੀ ਦੇ ਇਰਾਦੇ ਨਾਲ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਬਹੁਤ ਮਾੜੀ ਗੱਲ ਹੈ।

 ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਨੇ ਆਪਣੇ ਕਾਰਜਕਾਲ ਵਿਚ ਕਈ ਇਤਿਹਾਸਕ ਫ਼ੈਸਲੇ ਲਏ ਹਨ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲਿਆ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਇਹ ਬਦਲਾਖੋਰੀ ਨੀਤੀ ਹੈ, ਉਹ ਪੰਜਾਬ ਦੇ ਲੋਕਾਂ ਵਲੋਂ ਨਕਾਰੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲੈਣ ਬਾਦਲਾਂ ਨੂੰ ਬਹੁਤ ਚੁਭਿਆ ਹੈ ਤੇ ਬਾਦਲ ਅਤੇ ਅਕਾਲੀ ਆਗੂ ਗਿਆਨੀ ਹਰਪ੍ਰੀਤ ਸਿੰਘ ਨਾਲ ਖੁੰਦਕ ਕੱਢ ਰਹੇ ਹਨ।

ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਜੋ ਸੁਖਬੀਰ ਬਾਦਲ ਜਾਂ ਹੋਰ ਆਕਾਲੀਆਂ ਨੂੰ ਸਜ਼ਾ ਸੁਣਾਈ ਹੈ, ਇਹ ਜਥੇਦਾਰਾਂ ਨੇ ਸੁਣਾਈ ਹੈ ਪਰ ਐਸਜੀਪੀਸੀ ਦੇ ਪ੍ਰਧਾਨ ਤੇ ਐਸਜੀਪੀਸੀ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਤਾਂ ਉਨ੍ਹਾਂ ਦੀ ਹਾਲੇ ਵੀ ਚਾਪਲੂਸੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਨਰਾਇਣ ਸਿੰਘ ਚੌੜਾ ਨਾਲ ਕਰ ਰਹੇ ਹਨ ਉਨ੍ਹਾਂ ਦੀ ਪੱਗ ਉਤਾਰ ਦਿਤੀ ਗਈ ਤੇ ਹੁਣ ਚੌੜਾ ਨੂੰ ਪੰਥ ’ਚੋਂ ਛੇਕਣ ਲਈ ਵੀ ਜ਼ੋਰ ਦਿਤਾ ਜਾ ਰਿਹਾ ਹੈ ਇਸ ਤੋਂ ਉਪਰ ਹੋਰ ਕੀ ਚਾਪਲੂਸੀ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਦਾ ਸਭ ਤੋਂ ਵੱਡਾ ਗੁਨਾਹ ਇਹ ਕਿ ਉਨ੍ਹਾਂ ਵਲੋਂ ਜਿਨ੍ਹਾਂ ਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਉਨ੍ਹਾਂ ਨੂੰ ਬਚਾਇਆ ਗਿਆ ਤੇ ਬੇਅਦਬੀਆਂ ਕਰਵਾਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਬੱਜ਼ਰ ਗੁਨਾਹ ਕੀਤੇ ਹਨ ਤੇ ਸਮਾਂ ਆ ਗਿਆ ਹੈ ਕਿ ਇਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਈ ਜਾਵੇ।