ਤਰਨਤਾਰਨ: ਭਾਵੇਂ ਹਰਿਆਣਾ ਵਿਚ ਬਾਦਲ ਅਕਾਲੀ ਦਲ ਦੇ ਭਾਈਵਾਲਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਬਾਦਲ ਅਕਾਲੀ ਦਲ ਦੀ ਕੋਸ਼ਿਸ਼ ਰਹੀ ਹੈ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਨਾ ਦਿਤਾ ਜਾਵੇ ਪਰ 2017 ਵਿਚ ਹਰਿਆਣਾ ਕਮੇਟੀ ਨੇ ਸੂਬੇ ਦੇ ਤਕਰੀਬਨ ਸਾਰੇ ਸਮਾਗਮਾਂ ਵਿਚ ਸ਼ਮੂਲੀਅਤ ਕਰ ਕੇ ਅਪਣੀ ਹੋਂਦ ਦਾ ਅਹਿਸਾਸ ਦਿਵਾਇਆ। ਇਸ ਦੀ ਹਰਿਆਣਾ ਦੇ ਬਾਦਲ ਅਕਾਲੀ ਦਲ ਦੇ ਆਗੂਆਂ ਨੂੰ ਬੜੀ ਨਮੋਸ਼ੀ ਮਹਿਸੂਸ ਹੁੰਦੀ ਰਹੀ ਪਰ ਉਹ ਕੁੱਝ ਨਾ ਕਰ ਸਕੇ। ਇਸ ਤੋਂ ਇਲਾਵਾ ਇਸ ਸਾਲ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਨੇ ਸਿੱਖ ਵਿਦਵਾਨਾਂ ਨੂੰ ਸਨਮਾਨਤ ਕਰ ਕੇ ਬੁੱਧੀਜੀਵੀ ਵਰਗ ਨੂੰ ਵੀ ਅਪਣੇ ਨਾਲ ਜੋੜਿਆ। ਇਕ ਅੰਤਰ ਰਾਸ਼ਟਰੀ ਸਲਾਹਕਾਰ ਕਮੇਟੀ ਬਣਾ ਕੇ ਇਸ ਨੇ ਕੌਮਾਂਤਰੀ ਖੇਤਰ ਵਿਚ ਵੀ ਅਪਣੀ ਥਾਂ ਬਣਾਈ।