2020 ਤਕ ਫ਼ੂਡ ਸੈਕਟਰ ਦਾ ਤਿੰਨ ਗੁਣਾਂ ਵਿਸਤਾਰ ਕੀਤਾ ਜਾਵੇਗਾ : ਹਰਸਿਮਰਤ

ਖ਼ਬਰਾਂ, ਪੰਜਾਬ



ਲੁਧਿਆਣਾ, 12 ਸਤੰਬਰ (ਮਹੇਸ਼ਇੰਦਰ ਸਿੰਘ ਮਾਂਗਟ): ਫ਼ੂਡ ਪ੍ਰੋਸੈਸਿੰਗ ਮੰਤਰਾਲੇ ਨੇ ਅੱਜ ਲੁਧਿਆਣਾ ਵਿਚ ਜਨਤਕ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦਾ ਏਜੰਡਾ ਲੋਕਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਤੋਂ ਜਾਣੂ ਕਰਵਾਉਣਾ ਅਤੇ ਫ਼ੂਡ ਪ੍ਰੋਸੈਸਿੰਗ ਮੰਤਰਾਲੇ ਦੁਆਰਾ ਨਵੀਂ ਦਿੱਲੀ ਵਿਖੇ 3 ਤੋਂ 5 ਨਵੰਬਰ ਤਕ ਕਰਵਾਏ ਜਾ ਰਹੇ ਵਰਲਡ ²ਫ਼ੂਡ ਇੰਡੀਆ 2017 ਮੇਲੇ ਵਿਚ ਭਾਗ ਲੈਣ ਲਈ ਕਿਸਾਨਾਂ, ਕਾਰੋਬਾਰੀਆਂ ਅਤੇ ਆਮ ਲੋਕਾਂ ਨੁੰ ਪ੍ਰੇਰਤ ਕਰਨਾ ਸੀ।

ਸਥਾਨਕ ਗੁਰੂ ਨਾਨਕ ਭਵਨ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2020 ਤਕ ਫ਼ੂਡ ਸੈਕਟਰ ਦਾ ਤਿੰਨ ਗੁਣਾਂ ਵਿਸਤਾਰ ਕੀਤਾ ਜਾਵੇਗਾ। ਵਰਲਡ ਫ਼ੂਡ ਇੰਡੀਆ 2017 ਵਰਗੇ ਪਲੇਟ ਫ਼ਾਰਮ ਜ਼ਰੀਏ ਸਾਰੇ ਕੌਮਾਂਤਰੀ ਬਾਜ਼ਾਰ ਭਾਰਤ ਦੇ 'ਮੇਕ ਇਨ ਇੰਡੀਆ' ਵਲ ਨਜ਼ਰਾਂ ਗੱਡੀ ਬੈਠੇ ਹਨ ਕਿ ਜਿਸ ਨਾਲ ਨਾ ਸਿਰਫ਼ ਘਰੇਲੂ ਲੋੜਾਂ ਪੂਰੀਆਂ ਹੋਣਗੀਆਂ, ਸਗੋਂ ਉਨ੍ਹਾਂ ਦੂਜੇ ਮੁਲਕਾਂ ਨੂੰ ਨਿਰਯਾਤ ਲਈ ਮਾਲ ਵੀ ਉਪਲੱਬਧ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਵਰਲਡ ਫ਼ੂਡ ਇੰਡੀਆ 2017 ਵਿਖੇ ਕਿਸਾਨਾਂ ਨੂੰ ਭਾਰਤੀ ਖੇਤੀਬਾੜੀ ਦੀ ਮਜ਼ਬੂਤੀ ਦਾ ਪ੍ਰਦਰਸ਼ਨ ਕਰਨ ਲਈ ਇਕ ਪਲੇਟ ਫ਼ਾਰਮ ਪ੍ਰਦਾਨ ਕਰਨਾ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਭਾਰਤ ਅੰਦਰ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ ਜਿਸ ਕਰ ਕੇ ਇਹ ਭਾਰੀ ਨਿਵੇਸ਼ ਅਤੇ ਰੁਜ਼ਗਾਰ ਅਵਸਰਾਂ ਦੀ ਪੇਸ਼ਕਸ਼ ਕਰਦਾ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਇਕ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ।
ਲੁਧਿਆਣਾ ਪਹੁੰਚੀ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਦੇ ਲਾਏ ਗਏ ਹੋਰਡਿੰਗ ਬੋਰਡਾਂ ਅਤੇ ਪੋਸਟਰਾਂ ਵਿਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਟੋ ਵਿਖਾਈ ਨਹੀਂ ਦਿਤੀ। ਇਹ ਹੋਰਡਿੰਗ ਬੋਰਡ ਅੱਜ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੇ ਰਹੇ। ਇਨ੍ਹਾਂ ਬੋਰਡਾਂ ਵਿਚ ਕੇਵਲ ਬੀਬਾ ਹਰਸਿਮਰਤ ਕੌਰ ਦੀ ਫ਼ੋਟੋ ਅਤੇ ਲੋਕਲ ਅਕਾਲੀ ਲੀਡਰਸ਼ਿਪ ਦੀਆਂ ਫ਼ੋਟੋਆਂ ਤੋਂ ਇਲਾਵਾ ਹੋਰ ਕੋਈ ਫ਼ੋਟੋ ਨਹੀਂ
ਲਾਈ ਗਈ।