'ਆਪ' ਦੀ ਰੈਲੀ : ਲੋਕ ਲੱਖਾਂ ਤੋਂ ਹਜ਼ਾਰਾਂ 'ਚ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਪ' ਹੋਈ ਪੰਜਾਬ 'ਚ ਫ਼ਲਾਪ : ਮਜੀਠੀਆ ਬਾਰੇ ਚੁੱਪ ਰਹੇ ਕੇਜਰੀਵਾਲ.......

Aam Aadmi Party Barnala Rally

ਬਰਨਾਲਾ : ਪੰਜਾਬ 'ਚ ਨਸ਼ਿਆਂ ਦੇ ਮਸਲੇ 'ਤੇ ਸਿਆਸਤ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮਾਲਵੇ ਦੀ ਧਰਤੀ ਬਰਨਾਲਾ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਰੈਲੀ ਦੌਰਾਨ ਨਸ਼ਿਆਂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵਿਰੁਧ ਚੁੱਪੀ ਧਾਰੀ ਰੱਖੀ । ਉਥੇ ਹੀ, ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧੋਖੇਬਾਜ਼ ਕਹਿੰਦਿਆਂ ਕਿਹਾ ਕਿ ਝੂਠ ਦੇ ਸਾਹਾਰੇ ਸੱਤਾ ਪ੍ਰਾਪਤ ਕਰਨ ਵਾਲੇ ਕੈਪਟਨ ਸਿੰਘ ਵਲੋਂ ਕੋਈ ਵੀ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ ਗਿਆ। 

ਸਿਰਫ਼ ਅਪਣੀ ਦਿੱਲੀ ਸਰਕਾਰ ਦੀਆਂ ਪ੍ਰਾਪਤੀਆ ਨੂੰ ਹਿੰਦੀ ਭਾਸ਼ਾ ਰਾਹੀ ਪੰਜਾਬੀ ਲੋਕਾਂ ਦੇ ਸਾਹਮਣੇ ਰੱਖਿਆ ਜਿਨ੍ਹਾਂ ਦੇ ਪੱਲੇ ਇੱਕਾ ਦੂਕਾ ਗੱਲਾਂ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਭਗਵੰਤ ਮਾਨ ਦੀ ਅਗਵਾਈ ਵਿਚ ਲੜੇ ਜਾਣ ਦੀ ਵਕਾਲਤ ਕੀਤੀ। ਇਸ ਕਰਵਾਈ ਗਈ ਰੈਲੀ ਦੌਰਾਨ ਲੱਖਾਂ ਦਾ ਇਕੱਠ ਕਰਨ ਵਾਲੀ ਆਮ ਆਦਮੀ ਪਾਰਟੀ ਮਹਿਜ ਦਸ ਹਜ਼ਾਰ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਭਗਵੰਤ ਮਾਨ ਨੇ ਹਾਸੋਹੀਣਾ ਬਿਆਨ ਦਿੰਦਿਆ ਕਿਹਾ ਕਿ 1 ਜਨਵਰੀ ਤੋਂ ਉਹ ਮੁਕੰਮਲ ਤੌਰ 'ਤੇ ਸ਼ਰਾਬ ਛੱਡ ਚੁੱਕੇ ਹਨ ।

ਇਸ ਗੱਲ ਦੀ ਪੁਸ਼ਟੀ ਕਰਨ ਲਈ ਮਾਨ ਵਲੋਂ ਅਪਣੀ ਮਾਤਾ ਨੂੰ ਵੀ ਸਟੇਜ ਉਪਰ ਵੀ ਬਿਰਾਜਮਾਨ ਕੀਤਾ ਹੋਇਆ ਸੀ। ਅਪਣੇ ਨਿਰਧਾਰਤ ਸਮੇਂ ਤੋਂ 1 ਘੰਟਾ ਲੇਟ ਪਹੁੰਚੇ ਅਰਵਿੰਦ ਕੇਜਰੀਵਾਲ ਤੋਂ ਪਹਿਲਾ ਜਦੋਂ ਸਟੇਜ ਉਪਰੋਂ ਮੁਨੀਸ਼ ਸਿਸੋਦੀਆ ਲੋਕਾਂ ਨੂੰ ਸੰਬੋਧਨ ਕਰਨ ਲੱਗੇ ਤਾਂ ਲੋਕਾ ਨੂੰ ਹਿੰਦੀ ਭਾਸ਼ਾ ਦਾ ਵਧੇਰੇ ਗਿਆਨ ਨਾ ਹੋਣ ਕਾਰਨ ਉਹ ਉੱਠਣੇ ਸੁਰੂ ਹੋ ਗਏ।

ਕੇਜਰੀਵਾਲ ਦੇ ਬਰਨਾਲਾ ਦੌਰੇ ਨੂੰ ਲੈ ਕੇ ਇਕ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਸਥਾਨਕ ਰੈਸਟ ਹਾਊਸ ਵਿਚ ਰੱਖਿਆ ਗਿਆ ਸੀ। ਉਧਰੋ ਦੂਸਰੀ ਤਰਫੋਂ ਸੁਖਪਾਲ ਸਿੰਘ ਖਹਿਰਾ ਵਲੋਂ ਵੀ ਅਪਣੀ ਕਾਨਫ਼ਰੰਸ ਇਸੇ ਰੈਸਟ ਹਾਊਸ ਵਿਚ ਰੱਖੀ ਗਈ ਸੀ । ਜਦੋਂ ਭਗਵੰਤ ਮਾਨ ਦੇ ਧੜੇ ਨੂੰ ਸੁਖਪਾਲ ਸਿੰਘ ਖਹਿਰਾ ਦੀ ਕਾਨਫ਼ਰੰਸ ਦਾ ਪਤਾ ਚੱਲਿਆ ਤਾਂ ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਪ੍ਰੈੱਸ ਕਾਨਫ਼ਰੰਸ ਰੱਦ ਕਰ ਦਿਤੀ।