ਸੁਰਖ਼ੀਆਂ ਬਟੋਰਨ ਲਈ ਖਹਿਰਾ ਹਮੇਸ਼ਾ ਝੂਠ ਦਾ ਸਹਾਰਾ ਲੈਂਦਾ : ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵਲੋਂ ਉਨ੍ਹਾਂ ਉਪਰ ਕੇਂਦਰ ਸਰਕਾਰ ਦੀ ਲੀਹ 'ਤੇ ਚੱਲਣ ਦੇ ਲਾਏ ਹਾਸੋਹੀਣੇ ਦੋਸ਼ਾਂ.......

Amarinder Singh

ਚੰਡੀਗੜ੍ਹ (ਨੀਲ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵਲੋਂ ਉਨ੍ਹਾਂ ਉਪਰ ਕੇਂਦਰ ਸਰਕਾਰ ਦੀ ਲੀਹ 'ਤੇ ਚੱਲਣ ਦੇ ਲਾਏ ਹਾਸੋਹੀਣੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਦਾ ਲੀਡਰ ਅਜਿਹੇ ਝੂਠੇ ਇਲਜ਼ਾਮ ਘੜ ਕੇ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਰਖੀਆਂ ਬਟੋਰਨ ਲਈ  ਤਿਲਮਿਲਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਬੇਇੱਜ਼ਤ ਕਰਕੇ ਕੱਢੇ ਜਾਣ ਤੋਂ ਬਾਅਦ ਖਹਿਰਾ ਹੁਣ ਜਨਤਕ ਤੌਰ 'ਤੇ ਸ਼ੋਹਰਤ ਖੱਟਣ ਲਈ ਹਰੇਕ ਤਰ੍ਹਾਂ ਦੀ ਚਾਲ ਚੱਲ ਰਿਹਾ ਹੈ।

ਉਨ੍ਹਾਂ ਨੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਵਲੋਂ ਬੇਹੂਦਾ ਦੋਸ਼ ਲਾਉਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਦੋਸ਼ ਨਾ ਸਿਰਫ ਪੂਰੀ ਤਰ੍ਹਾਂ ਬੇਬੁਨਿਆਦ ਹਨ ਸਗੋਂ ਇਨ੍ਹਾਂ ਵਿਚੋਂ ਸਿਆਸੀ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਢਾਹ ਲਾਉਣ ਦੀ ਝਲਕ ਮਾਰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰਾ ਹਮੇਸ਼ਾ ਕਿਸੇ ਬਿਆਨ ਦੀ ਸਚਾਈ ਦੀ ਤਹਿ ਤਕ ਜਾਣ ਦੀ ਬਜਾਏ ਬਿਨਾਂ ਸਿਰ ਪੈਰ ਤੋਂ ਬਿਆਨ ਦਾਗਣ ਦੀ ਆਦਤ ਦਾ ਸ਼ਿਕਾਰ ਹੈ। ਉਨ੍ਹਾਂ ਨੇ ਪੰਜਾਬੀ ਏਕਤਾ ਪਾਰਟੀ ਦੇ ਲੀਡਰ ਦੇ ਨਿਰਆਧਾਰ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦਸਦਿਆਂ ਰੱਦ ਕਰ ਦਿਤਾ।

ਉਨ੍ਹਾਂ ਨੇ ਖਹਿਰਾ ਨੂੰ ਉਨ੍ਹਾਂ ਵਿਰੁਧ ਜਾਤੀ ਤੌਰ 'ਤੇ ਅਤੇ ਸੂਬਾ ਸਰਕਾਰ ਵਿਰੁਧ ਲਾਏ ਦੋਸ਼ਾਂ ਵਿਚੋਂ ਇਕ ਨੂੰ ਵੀ ਸਿੱਧ ਕਰਕੇ ਦਿਖਾਉਣ ਜਾਂ ਫਿਰ ਸਿਆਸਤ ਤੋਂ ਕਿਨਾਰਾ ਕਰ ਲੈਣ ਦੀ ਚੁਣੌਤੀ ਦਿਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਖਹਿਰਾ ਦੇ ਬਿਆਨ ਤੋਂ ਹੀ ਸਿੱਧ ਹੋ ਜਾਂਦਾ ਹੈ ਕਿ ਜੋ ਉਹ ਉਭਾਰ ਰਿਹਾ ਹੈ, ਉਸ ਤੋਂ ਉਲਟ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਵਾਧੇ ਨੂੰ ਪਹਿਲਾਂ ਹੀ ਰੱਦ ਕਰ ਦਿਤਾ ਹੈ ਅਤੇ ਸੂਬਾ ਸਰਕਾਰ ਨੇ ਸੂਬੇ ਦੇ ਨਵੇਂ ਪੁਲਿਸ ਮੁਖੀ ਲਈ ਅਪਣਾ ਪੈਨਲ ਭੇਜ ਦਿਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਇਸ਼ਾਰੇ 'ਤੇ ਸ਼੍ਰੀ ਅਰੋੜਾ ਨੂੰ ਵਾਧਾ ਦਿਤੇ ਜਾਣ ਦਾ ਸਵਾਲ ਕਿੱਥੋਂ ਪੈਦਾ ਹੋ ਗਿਆ। ਖਹਿਰਾ ਵਲੋਂ ਪੰਜਾਬ ਵਿਚ ਕਾਂਗਰਸ ਅਤੇ ਅਕਾਲੀਆਂ (ਜੋ ਕੇਂਦਰ ਵਿਚ ਭਾਜਪਾ ਦੇ ਭਾਈਵਾਲ ਹਨ) ਦੇ ਆਪਸ ਵਿਚ ਰਲੇ ਹੋਣ ਦੇ ਲਾਏ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

ਕਿ ਆਮ ਆਦਮੀ ਪਾਰਟੀ ਜਿਸ ਵਿਚ ਉਸ ਵੇਲੇ ਖਹਿਰਾ ਵੀ ਸ਼ਾਮਲ ਹੁੰਦਾ ਸੀ, ਨੇ ਸਾਲ 2017 ਦੀਆਂ ਵਿਧਾਨ ਸਭਾ ਦੀ ਚੋਣ ਮੁਹਿੰਮ ਦੌਰਾਨ ਵੀ ਅਜਿਹੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਮੂਧੇ ਮੂੰਹ ਦੀ ਖਾਣੀ ਪਈ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਅਜਿਹੇ ਹੱਥਕੰਡੇ ਅਪਨਾਉਣ ਦਾ ਖਮਿਆਜ਼ਾ ਆਪ ਨੂੰ ਭੁਗਤਣਾ ਪਿਆ ਸੀ ਅਤੇ ਹੁਣ ਖਹਿਰਾ ਦੀ ਪਾਰਟੀ ਵੀ ਭੁਗਤੇਗੀ।