ਕੁੰਭ ਮੇਲੇ ਦੀ ਹਵਾ ਹੋਈ ਜ਼ਹਿਰੀਲੀ, ਐਨਜੀਟੀ ਦੇ ਹੁਕਮਾਂ ਦੀ ਹੋ ਰਹੀ ਅਣਦੇਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਵਾ ਪ੍ਰਦੂਸ਼ਤ ਹੋਣ ਦਾ ਖ਼ੁਲਾਸਾ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਜਾਂਚਣ ਵਾਲੀ ਸੰਸਥਾ ਏਕਿਊਆਈ-ਇੰਡੀਆ' ਵਲੋਂ ਕੀਤਾ ਗਿਆ ਹੈ...

Kumbh Mela

ਨਵੀਂ ਦਿੱਲੀ : ਇਲਾਹਾਬਾਦ ਵਿਚ ਚੱਲ ਰਹੇ ਕੁੰਭ ਮੇਲੇ ਨੂੰ ਇਤਿਹਾਸਕ ਬਣਾਉਣ ਲਈ ਭਾਵੇਂ ਸਰਕਾਰ ਵਲੋਂ ਲੱਖ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਕੁੰਭ ਮੇਲੇ ਦੀ ਇਕ ਕੌੜੀ ਹਕੀਕਤ ਇਹ ਵੀ ਹੈ ਕਿ ਇੱਥੇ ਪੁੱਜੇ ਸ਼ਰਧਾਲੂ ਜ਼ਹਿਰੀਲੀ ਹਵਾ ਵਿਚ ਸਾਹ ਲੈਣ ਲਈ ਮਜਬੂਰ ਹੈ। ਇੱਥੇ ਐਨਜੀਟੀ ਦੇ ਹੁਕਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਵਾ ਪ੍ਰਦੂਸ਼ਤ ਹੋਣ ਦਾ ਖ਼ੁਲਾਸਾ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਜਾਂਚਣ ਵਾਲੀ ਸੰਸਥਾ ਏਕਿਊਆਈ-ਇੰਡੀਆ' ਵਲੋਂ ਕੀਤਾ ਗਿਆ ਹੈ।

ਸੰਸਥਾ ਦੀ ਵੈਬਸਾਈਟ 'ਤੇ ਮੌਜੂਦ ਅੰਕੜਿਆਂ ਮੁਤਾਬਕ 14 ਜਨਵਰੀ ਨੂੰ ਕੁੰਭ ਦੀ ਸ਼ੁਰੂਆਤ ਦੇ ਇਕ ਦਿਨ ਪਹਿਲਾਂ ਤੋਂ ਲੈ ਕੇ 19 ਜਨਵਰੀ ਰਾਤ ਤਕ ਇਲਾਹਾਬਾਦ ਦੀ ਹਵਾ ਬੇਹੱਦ ਖ਼ਰਾਬ ਰਹੀ। ਖ਼ਾਸ ਕਰਕੇ ਸਵੇਰੇ ਅਤੇ ਸ਼ਾਮ ਦੇ ਸਮੇਂ, ਜਦੋਂ ਸ਼ਰਧਾਲੂ ਗੰਗਾ ਵਿਚ ਇਸ਼ਨਾਨ ਕਰਦੇ ਹਨ। ਸ਼ਨੀਵਾਰ ਨੂੰ ਇਲਾਹਾਬਾਦ ਦੀ ਹਵਾ ਵਿਚ ਪ੍ਰਦੂਸ਼ਣਕਾਰੀ ਤੱਤ ਪੀਐਮ 2.5 ਦਾ ਪੱਧਰ 450 ਤੋਂ ਜ਼ਿਆਦਾ ਰਿਹਾ ਜੋ ਬੇਹੱਦ ਖ਼ਰਾਬ ਦੀ ਸ਼੍ਰੇਣੀ ਵਿਚ ਆਉਂਦਾ ਹੈ। ਉਥੇ ਹੀ 16 ਜਨਵਰੀ ਨੂੰ ਇਹ 800 ਦੇ ਪੱਧਰ ਨੂੰ ਵੀ ਪਾਰ ਕਰ ਗਿਆ ਜੋ ਕਿਸੇ ਨੂੰ ਵੀ ਬਿਮਾਰ ਕਰਨ ਲਈ ਕਾਫ਼ੀ ਹੈ। 

ਹਵਾ ਗੁਣਵੱਤਾ ਵਿਸ਼ੇ 'ਤੇ ਖੋਜ ਕਰਨ ਵਾਲੇ ਵਾਤਾਵਰਣ ਮਾਹਿਰ ਚਟਰਾਜ ਦਾ ਕਹਿਣਾ ਹੈ ਕਿ ਐਨਜੀਟੀ ਵਲੋਂ ਸਰਕਾਰ ਨੂੰ ਕੁੰਭ ਮੇਲੇ ਦੌਰਾਨ ਜ਼ਿਆਦਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਲਈ ਆਖਿਆ ਗਿਆ ਸੀ। ਪਰ ਇਸ ਐਨਜੀਟੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।  ਐਨਜੀਟੀ ਨੇ 8 ਜਨਵਰੀ 2019 ਨੂੰ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੂੰ 102 ਪ੍ਰਦੂਸ਼ਤ ਸ਼ਹਿਰਾਂ ਦੀ ਹਵਾ ਨੂੰ ਸਾਹ ਲੈਣ ਯੋਗ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਸਨ।

ਜਿਨ੍ਹਾਂ ਵਿਚ ਇਲਾਹਾਬਾਦ ਵੀ ਸ਼ਾਮਲ ਹੈ। ਸਰਕਾਰ ਨੇ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਕੁੰਭ ਮੇਲੇ ਦੇ ਪ੍ਰਬੰਧਾਂ 'ਤੇ ਭਾਵੇਂ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰ ਦਿਤੇ ਹਨ ਪਰ ਅਫ਼ਸੋਸ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਵੱਲ ਰੱਤਾ ਵੀ ਧਿਆਨ ਨਹੀਂ ਦਿਤਾ ਗਿਆ। ਜਿਸ ਨਾਲ ਵੱਡੀ ਪੱਧਰ 'ਤੇ ਕੁੰਭ ਮੇਲੇ ਵਿਚ ਆਏ ਸ਼ਰਧਾਲੂ ਬਿਮਾਰ ਹੋ ਸਕਦੇ ਹਨ।