Weather Update: ਜਾਣੋ 21 ਤੋਂ 23 ਜਨਵਰੀ ਤੱਕ ਪੰਜਾਬ ’ਚ ਮੀਂਹ ਪਵੇਗਾ ਜਾਂ ਨਹੀਂ, ਦੇਖੋ ਖ਼ਬਰ!

ਏਜੰਸੀ

ਖ਼ਬਰਾਂ, ਪੰਜਾਬ

ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸ਼ਾਮ ਤਕ ਪੰਜਾਬ ਦੇ ਕੁਝ ਇਲਾਕਿਆਂ ’ਚ ਹਲਕੀ ਵਰਖਾ...

Weather Update Rain

ਜਲੰਧਰ: ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ’ਚ ਸੋਮਵਾਰ ਵੀ ਸੀਤ ਲਹਿਰ ਦਾ ਜ਼ੋਰ ਰਿਹਾ। ਪੰਜਾਬ ਅਤੇ ਹਰਿਆਣਾ ’ਚ ਸਭ ਤੋਂ ਠੰਡਾ ਇਲਾਕਾ ਨਾਰਨੌਲ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ’ਚ 7.3, ਅੰਮ੍ਰਿਤਸਰ ’ਚ 7.4, ਲੁਧਿਆਣਾ ’ਚ 6.9, ਪਟਿਆਲਾ ’ਚ 8.1, ਜਲੰਧਰ ਨੇੜੇ ਆਦਮਪੁਰ ’ਚ 5.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸ਼ਾਮ ਤਕ ਪੰਜਾਬ ਦੇ ਕੁਝ ਇਲਾਕਿਆਂ ’ਚ ਹਲਕੀ ਵਰਖਾ ਹੋ ਸਕਦੀ ਹੈ ਨਾਲ ਹੀ ਅਗਲੇ ਕੁਝ ਦਿਨ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦਿੱਲੀ ਵਿਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ’ਚ ਵੀ ਕਈ ਉਚੇਰੇ ਇਲਾਕਿਆਂ ’ਚ ਬਰਫਬਾਰੀ ਹੋਣ ਕਾਰਣ ਸੀਤ ਲਹਿਰ ਦਾ ਜ਼ੋਰ ਵੱਧ ਗਿਆ ਹੈ। ਕਬਾਇਲੀ ਇਲਾਕਿਆਂ ’ਚ ਤਾਂ ਘੱਟੋ-ਘੱਟ ਤਾਪਮਾਨ ਮਨਫੀ 15 ਤੋਂ ਮਨਫੀ 25 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸ਼ਿਮਲਾ ’ਚ ਸੋਮਵਾਰ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਸੀ।

ਡਲਹੌਜ਼ੀ ’ਚ ਮਨਫੀ 2 ਅਤੇ ਕੁਫਰੀ ’ਚ ਮਨਫੀ 3 ਸੀ। ਜੰਮੂ-ਕਸ਼ਮੀਰ ’ਚ ਵੀ ਸੀਤ ਲਹਿਰ ਦਾ ਜ਼ੋਰ ਹੈ। ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਵਿਖੇ ਘੱਟੋ-ਘੱਟ ਤਾਪਮਾਨ ਮਨਫੀ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਗੁਲਮਰਗ ਵਿਖੇ ਇਹ ਮਨਫੀ 12.8 ਸੀ।  ਲੋਹੜੀ ਤੋਂ ਬਾਅਦ ਮੌਸਮ ਖੁੱਲ੍ਹ ਜਾਂਦਾ ਹੈ ਅਤੇ ਠੰਡ ਵੀ ਘਟਦੀ ਹੈ ਪਰ ਇਸ ਵਾਰ ਲੋਹੜੀ ਬੀਤ ਜਾਣ ਤੋਂ ਬਾਅਦ ਵੀ ਮੌਸਮ 'ਚ ਕੋਈ ਖ਼ਾਸ ਤਬਦੀਲੀ ਵੇਖਣ ਨੂੰ ਨਹੀਂ ਮਿਲ ਰਹੀ ਠੰਡ ਲਗਾਤਾਰ ਵਧਦੀ ਜਾ ਰਹੀ ਹੈ।

ਸੀਤ ਲਹਿਰ ਕਾਰਨ ਲੋਕ ਘਰਾਂ 'ਚ ਡੱਕੇ ਰਹਿਣ ਲਈ ਮਜਬੂਰ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਆਉਂਦੇ 48 ਘੰਟਿਆਂ ਵਿਚ ਪੰਜਾਬ ਦੇ ਕਈ ਹਿੱਸਿਆਂ 'ਚ ਹਲਕੀ ਬਾਰਿਸ਼ ਹੋਵੇਗੀ ਅਤੇ ਬੱਦਲਵਾਈ ਵਾਲਾ ਮੌਸਮ ਰਹੇਗਾ। ਜਿਸ ਨਾਲ ਠੰਡ 'ਚ ਇਜ਼ਾਫਾ ਹੋਣਾ ਲਾਜ਼ਮੀ ਹੈ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਧੁੰਦ ਦਾ ਕਹਿਰ ਜਾਰੀ ਰਹਿਣ ਕਾਰਨ ਆਉਣ-ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਧੁੰਦ ਕਾਰਨ ਪੂਰੀ ਰਫ਼ਤਾਰ ਨਾਲ ਚੱਲ ਰਹੀ ਆਵਾਜਾਈ ‘ਤੇ ਬਰੇਕਾਂ ਲੱਗ ਰਹੀਆਂ ਹਨ।

ਧੁੰਦ ਦੇ ਕਹਿਰ ਕਾਰਨ ਸੜਕੀ ਹਾਦਸਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ ਸਮੇਤ ਹੋਰਨਾਂ ਜ਼ਿਲ੍ਹਿਆਂ ਵਿਚ ਰਾਤ 9 ਵਜੇ ਤੋਂ ਬਾਅਦ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਧੁੰਦ ਦੂਜੇ ਦਿਨ ਸਵੇਰੇ 10-11 ਵਜੇ ਤੱਕ ਜਾਰੀ ਰਹਿੰਦੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।