ਕਿਸਾਨੀ ਅੰਦੋਲਨ ’ਤੇ ਡਾਕੂਮੈਂਟਰੀ ਬਣਾਉਣਗੇ ਅਦਾਕਾਰ ਮੰਗਲ ਢਿੱਲੋਂ
ਕਿਸਾਨੀ ਅੰਦੋਲਨ ’ਤੇ ਡਾਕੂਮੈਂਟਰੀ ਬਣਾਉਣਗੇ ਅਦਾਕਾਰ ਮੰਗਲ ਢਿੱਲੋਂ
ਨਵੀਂ ਦਿੱਲੀ, 20 ਜਨਵਰੀ (ਸੈਸ਼ਵ ਨਾਗਰਾ): ਕਿਸਾਨੀ ਅੰਦੋਲਨ ਵਿਚ ਦਿੱਲੀ ਬਾਰਡਰ ‘ਤੇ ਪਹੁੰਚੇ ਪੰਜਾਬੀ ਅਦਾਕਾਰ ਮੰਗਲ ਢਿੱਲੋਂ ਨੇ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਇਆ ਪਿਆ ਹੈ।
ਉਨ੍ਹਾਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ’ਤੇ ਉਹ ਇਕ ਡਾਕੂਮੈਂਟਰੀ ਬਣਾਉਣਾ ਚਾਹੁੰਦੇ ਹਨ ਤਾਂ ਜੋ ਕਿਸਾਨੀ ਅੰਦੋਲਨ ਦੇ ਇਤਿਹਾਸ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਦਸਿਆ ਜਾਵੇ। ਅਦਾਕਾਰ ਮੰਗਲ ਢਿੱਲੋਂ ਨੇ ਕਿਹਾ ਕਿ ਕਿਸਾਨੀ ਸਮੱਸਿਆਵਾਂ ਦੀ ਜੜ੍ਹ ਸਾਡੇ ਦੇਸ਼ ਦਾ ਰਾਜਨੀਤਕ ਸਿਸਟਮ ਹੈ। ਉਨ੍ਹਾਂ ਕਿਹਾ ਕਿ ਇਸ ਰਾਜਨੀਤਕ ਸਿਸਟਮ ਵਿਚ ਸ਼ਾਮਲ ਰਾਜਨੀਤਕ ਆਗੂ ਭ੍ਰਿਸ਼ਟਾਚਾਰ ਵਿਚ ਗ਼ਲਤਾਨ ਹੋ ਚੁੱਕੇ ਹਨ, ਇਸ ਲਈ ਕਿਸਾਨੀ ਸਮੱਸਿਆ ਦੀ ਜੜ੍ਹ ਇਸ ਭ੍ਰਿਸ਼ਟਾਚਾਰ ਸਿਸਟਮ ਦੇ ਵਿਚ ਪਈ ਹੈ, ਇਸ ਭ੍ਰਿਸਟ ਸਿਸਟਮ ਨੂੰ ਬਦਲਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇਤਿਹਾਸ ਸਿਰਜ ਦਿਤਾ ਹੈ, ਅਜਿਹੀਆਂ ਲਹਿਰਾਂ ਦੇਸ਼ ਵਿਚ ਵਾਰ-ਵਾਰ ਨਹੀਂ ਉੱਠਦੀਆਂ। ਇਹ ਪਹਿਲਾ ਮੋਰਚਾ ਨਹੀਂ ਹੈ, ਕਿਉਂਕਿ ਅਜਿਹੇ ਮੋਰਚੇ ਪਹਿਲਾਂ ਵੀ ਲਗਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਧੱਕਾ ਕਰਦੀ ਆ ਰਹੀ ਹੈ, ਕਿਸਾਨਾਂ ਦਾ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਰਿਹਾ ਹੈ, ਸਰਕਾਰ ਵਾਰ-ਵਾਰ ਕਿਸਾਨਾਂ ਦੇ ਅੰਦੋਲਨ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।