ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁੁਰਬ ਮਨਾਇਆ ਗਿਆ

ਏਜੰਸੀ

ਖ਼ਬਰਾਂ, ਪੰਜਾਬ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁੁਰਬ ਮਨਾਇਆ ਗਿਆ

image

ਤਖ਼ਤ ਸਾਹਿਬ ’ਤੇ ਕਰਵਾਈ ਗਈ ਦੀਪਮਾਲਾ ਦੇ ਆਲੌਕਿਕ ਦ੍ਰਿਸ਼ ਨੇ ਕੀਤਾ ਮਨਮੋਹਕ ਦ੍ਰਿਸ਼ ਪੇਸ਼

ਤਲਵੰਡੀ ਸਾਬੋ, 20 ਜਨਵਰੀ (ਨਾਨਕ ਸਿੰਘ ਖੁਰਮੀ/ਗੁਰਜੰਟ ਸਿੰਘ ਨਥੇਹਾ): ਦਸਮੇਸ਼ ਪਿਤਾ ਸ੍ਰੀ ਗੁਰੂੁ ਗੋੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੱਖ ਸੰਗਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। 
ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਤਖ਼ਤ ਸਾਹਿਬ ਸਮੇਤ ਹੋਰਨਾਂ ਗੁਰਦਵਾਰਾ ਸਾਹਿਬਾਨ ਵਿਖੇ ਨਤਮਸਤਕ ਹੋਈਆਂ। ਅੱਜ ਤਖ਼ਤ ਸਾਹਿਬ ਦੇ ਗੁਰਦਵਾਰਾ ਦਮਦਮਾ ਸਾਹਿਬ ਵਿਖੇ ਮੁੱਖ ਸਮਾਗਮ ਕੀਤੇ ਗਏ। ਸੱਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਅਰਦਾਸ ਕੀਤੀ। ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗ਼ੈਰ ਹਾਜ਼ਰੀ ਵਿਚ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਸੰਗਤਾਂ ਨੂੰ ਦਸਮੇਸ਼ ਪਿਤਾ ਦੇ ਜੀਵਨਕਾਲ ਅਤੇ ਉਨ੍ਹਾਂ ਵਲੋਂ ਖ਼ਾਲਸਾ ਪੰਥ ਦੀ ਸਾਜਨਾ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ਪਿਛਲੇ ਦਿਨਾਂ ਤੋਂ ਗੁਰਪੁਰਬ ਨੂੰ ਸਮਰਪਿਤ ਕਰ ਕੇ ਕੱਢੀਆਂ ਗਈਆਂ ਪ੍ਰਭਾਤ ਫੇਰੀਆਂ ਮੌਕੇ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਤ ਕੀਤਾ ਗਿਆ। ਉਧਰ ਗੁਰਪੁਰਬ ਸਮਾਗਮਾਂ ਨੂੰ ਲੈ ਕੇ ਤਖ਼ਤ ਸਾਹਿਬ ਪ੍ਰਬੰਧਕਾਂ ਵਲੋਂ ਤਖ਼ਤ ਸਾਹਿਬ ਤੇ ਕਰਵਾਈ ਗਈ ਦੀਪਮਾਲਾ ਰਾਤ ਸਮੇਂ ਆਲੌਕਿਕ ਦ੍ਰਿਸ਼ ਪੈਦਾ ਕਰਦੀ ਰਹੀ ਅਤੇ ਸੰਗਤਾਂ ਰਾਤ ਸਮੇਂ ਦੀਪਮਾਲਾ ਦੇਖਣ ਲਈ ਪੁੱਜਦੀਆਂ ਰਹੀਆਂ।