ਪ੍ਰੋ. ਭੁੱਲਰ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੰਥਕ ਜਥੇਬੰਦੀਆਂ ਨੇ ”‘ਆਪ’ ਤੇ ਭਾਜਪਾ ਦੇ

ਏਜੰਸੀ

ਖ਼ਬਰਾਂ, ਪੰਜਾਬ

ਪ੍ਰੋ. ਭੁੱਲਰ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੰਥਕ ਜਥੇਬੰਦੀਆਂ ਨੇ ”‘ਆਪ’ ਤੇ ਭਾਜਪਾ ਦੇ ਆਗੂਆਂ ਦੇ ਘਿਰਾਉ ਲਈ ਸੰਕੇਤ ਦਿਤੇ

image

ਅੰਮ੍ਰਿਤਸਰ, 20 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖ ਸਿਆਸੀ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਸਮੇਤ ਬੰਦੀ ਸਿੰਘਾਂ ਰਿਹਾਈ ਨਾ ਹੋਣ ’ਤੇ ਵਖ ਵਖ ਸਿੱਖ ਪੰਥਕ ਜਥੇਬੰਦੀਆਂ ਵਲੋਂ ਆਪ ਅਤੇ ਭਾਜਪਾ ਆਗੂਆਂ ਦੇ ਘਿਰਾਉ ਦੇ ਸੰਕੇਤ ਦਿਤੇ ਹਨ। 
ਇਸ ਸਬੰਧੀ ਪ੍ਰੋ: ਭੁਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਦੀ ਹਾਜ਼ਰੀ ਵਿਚ ਪੰਥਕ ਆਗੂਆਂ ਭਾਈ ਨਰਾਇਣ ਸਿੰਘ ਚੌੜਾ ਪ੍ਰੈੱਸ ਕਾਨਫ਼ਰੰਸ ਕਰਦਿਆਂ ਇਹ ਚਿਤਾਵਨੀ ਵੀ ਦਿਤੀ ਗਈ ਕਿ ਦਿੱਲੀ ਸਰਕਾਰ ਵਲੋਂ ਗ੍ਰਹਿ ਮੰਤਰਾਲੇ ਦੀਆਂ ਗਾਈਡ ਲਾਈਨਜ਼ ਅਨੁਸਾਰ ਜੇਲ ਵਿਭਾਗ ਪੰਜਾਬ ਵਲੋਂ ਭੇਜੀ ਪ੍ਰੋ: ਭੁੱਲਰ ਦੀ ਪੱਕੀ ਰਿਹਾਈ ਦੀ ਫ਼ਾਈਲ ਕਲੀਅਰ ਨਾ ਕਰਦਿਆਂ ਪ੍ਰੋ: ਭੁੱਲਰ ਦੀ ਰਿਹਾਈ ਤੋਂ ਇਨਕਾਰ ਕਰਨ ਦੀ ਸੂਰਤ ’ਚ ਸਿੱਖ ਪੰਥ ਵਲੋਂ ਸਮੂਹ ਪੰਜਾਬ ਵਾਸੀਆਂ ਨੂੰ ਨਾਲ ਲੈ ਕੇ 26 ਜਨਵਰੀ ਤੋਂ ਬਾਅਦ ਕੇਜਰੀਵਾਲ ਦੇ ਉਮੀਦਵਾਰਾਂ ਨੂੰ ਥਾਂ ਥਾਂ ਘੇਰਿਆ ਜਾਵੇਗਾ। ਪ੍ਰੋ: ਭੁੱਲਰ ਦੀ ਰਿਹਾਈ ’ਚ ਇਸ ਸਮੇਂ ਕੋਈ ਵੀ ਕਾਨੂੰਨੀ ਅੜਿੱਕਾ ਬਾਕੀ ਨਹੀਂ ਰਿਹਾ, ਇਸ ਦੇ ਬਾਵਜੂਦ ਪ੍ਰੋ: ਭੁੱਲਰ ਦੀ ਰਿਹਾਈ ਪ੍ਰਤੀ ਕੇਜਰੀਵਾਲ ਦੀ ਸਿੱਖ ਪੰਥ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਨਕਾਰਾਤਮਕ ਰਵਈਆ ਅਪਣਾਇਆ ਜਾ ਰਿਹਾ ਹੈ।
ਦੂਜੇ ਪਾਸੇ 72 ਸਾਲਾਂ ਦੀ ਸੰਵਿਧਾਨਕ ਗੁਲਾਮੀ, ਸ਼ੋਸ਼ਣ, ਜ਼ਿਆਦਤੀਆਂ ਤੇ ਬੇਇਨਸਾਫ਼ੀ ਵਿਰੁਧ ਨੌਜਵਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਰੋਹ ਭਰਪੂਰ ਮੁਜ਼ਾਹਰਾ ਅਤੇ ਮਾਰਚ ਕੀਤਾ ਜਾਵੇਗਾ। ਅੱਜ ਦਲ ਖ਼ਾਲਸਾ ਦੇ ਦਫ਼ਤਰ ਵਿਖੇ ਸਿੱਖ ਯੂਥ ਆਫ਼ ਪੰਜਾਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਆਗੂਆਂ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ। 
ਆਗੂ  ਗੁਰਨਾਮ ਸਿੰਘ ਮੂਨਕਾਂ, ਕੰਵਰ ਚੜ੍ਹਤ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦਸਿਆ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰਨ, ਨੌਜਵਾਨਾਂ ਨੂੰ ਮਨਘੜਤ ਕੇਸਾਂ ਵਿਚ ਫ਼ਸਾਉਣ/ ਉਲਝਾਉਣ, ਯੂ.ਏ.ਪੀ.ਏ ਤੇ ਦੇਸ਼-ਧ੍ਰੋਹ ਵਰਗੇ ਕਾਲੇ ਕਾਨੂੰਨਾਂ ਅਤੇ ਐਨ.ਆਈ.ਏ ਵਰਗੀ ਜਾਂਚ ਏਜੰਸੀ ਦੀ ਦੁਰਵਰਤੋਂ, ਸੁਰੱਖਿਆ ਫੋਰਸਾਂ ਨੂੰ ਅੰਨ੍ਹੀਆਂ ਤਾਕਤਾਂ ਦੇਣ ਅਤੇ ਬਹਿਬਲ ਕਲਾਂ ਗੋਲੀ ਕਾਂਡ ’ਚ ਇਨਸਾਫ਼ ਨਾਲ ਖਿਲਵਾੜ ਕਰਨ ਵਿਰੁਧ ਮੁਜ਼ਾਹਰਾ ਕੀਤਾ ਜਾਵੇਗਾ। ਦਿੱਲੀ ਸਰਕਾਰ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੀ ਰਿਹਾਈ ਫ਼ਾਈਲ ਨੂੰ 2020 ਵਿਚ ਰੱਦ ਕਰਨ ਦੀਆਂ ਖਬਰਾਂ ਨਾਲ ਸਿੱਖ ਪੰਥ ਅੰਦਰ ਗੁੱਸੇ ਤੇ ਰੋਹ ਭਰੇ ਜਜ਼ਬਾਤ ਜਾਗੇ ਹਨ। ਸ਼ਹਿਰ ਦੇ ਭੰਡਾਰੀ ਪੁਲ ਤੇ 12 ਤੋਂ 1 ਵਜੇ ਤਕ ਮੁਜ਼ਾਹਰਾ ਕੀਤਾ ਜਾਵੇਗਾ, ਉਪਰੰਤ ਦਰਬਾਰ ਸਾਹਿਬ ਤਕ ਮਾਰਚ ਹੋਵੇਗਾ। 
ਸਰਵਣ ਸਿੰਘ ਅਗਵਾਨ ,ਭਾਈ ਰਣਜੀਤ ਸਿੰਘ ਬੱਗਾ ਕੈਨੇਡਾ, ਭਾਈ ਹਰਜਿੰਦਰ ਸਿੰਘ ਜਿੰਦਾ ਸਿਖ ਸਟੂਡੇਟਸ ਫੈਫਰੇਸ਼ਨ, ਭਾਈ ਖੁਸਵੰਤ ਸਿੰਘ ਬਾਘ ਆਦਿ ਹਾਜਰ ਸਨ।
ਕੈਪਸ਼ਨ— ਏ ਐਸ ਆਰ ਬਹੋੜੂ— 20— 5—ਅੰਮ੍ਰਿਤਸਰ ਵਿਖੇ ਪੰਥਕ ਜਥੇਬੰਦੀਆਂ ਦੇ ਆਗੂ ਵੱਖ ਵੱਖ ਪ੍ਰੈਸ ਕਾਨਫਰੰਸ ਕਰਦੇ ਹੋਏ ।