ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ’ਚੋਂ ਨਾਬਾਲਗ਼ ਨੌਜਵਾਨ ਦੇ ਅਗ਼ਵਾ ਮਾਮਲੇ ’ਤੇ ਮੋਦੀ ਨੂੰ ਘੇਰਿਆ

ਏਜੰਸੀ

ਖ਼ਬਰਾਂ, ਪੰਜਾਬ

ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ’ਚੋਂ ਨਾਬਾਲਗ਼ ਨੌਜਵਾਨ ਦੇ ਅਗ਼ਵਾ ਮਾਮਲੇ ’ਤੇ ਮੋਦੀ ਨੂੰ ਘੇਰਿਆ

image

ਨਵੀਂ ਦਿੱਲੀ, 20 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ਵਿਚ ਇਕ ਨੌਜਵਾਨ ਨੂੰ ਚੀਨੀ ਫ਼ੌਜ ਵਲੋਂ ਅਗਵਾ ਕੀਤੇ ਜਾਣ ਸਬੰਧੀ ਭਾਜਪਾ ਸਾਂਸਦ ਤਾਪਿਰ ਗਾਵ ਦੇ ਦਾਅਵੇ ’ਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿਨਿ੍ਹਆ ਅਤੇ ਦੋਸ਼ ਲਗਾਇਆ ਕਿ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਦੀ ਚੁੱਪ ਸਾਬਤ ਕਰਦੀ ਹੈ ਕਿ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਉਹ ਅਗ਼ਵਾ ਹੋਏ ਨੌਜਵਾਨ ਦੇ ਪ੍ਰਵਾਰ ਨਾਲ ਖੜੇ ਹਨ।
  ਰਾਹੁਲ ਨੇ ਟਵੀਟ ਕੀਤਾ,‘‘ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ ਭਾਰਤ ਦੇ ਇਕ ਨਾਬਾਲਗ਼ ਨੂੰ ਚੀਨ ਨੇ ਅਗ਼ਵਾ ਕੀਤਾ ਹੈ। ਅਸੀਂ ਮੀਰਾਮ ਤਾਰੋਨ ਦੇ ਪ੍ਰਵਾਰ ਨਾਲ ਹਾਂ ਅਤੇ ਉਮੀਦ ਨਹੀਂ ਛਡਾਂਗੇ, ਹਾਰ ਨਹੀਂ ਮੰਨਾਂਗੇ। ਪ੍ਰਧਾਨ ਮੰਤਰੀ ਦੀ ਬੁਜ਼ਦਿਲ ਚੁੱਪ ਹੀ ਉਨ੍ਹਾਂ ਦਾ ਬਿਆਨ ਹੈ ਕਿ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।’’
  ਇਸ ਤੋਂ ਪਹਿਲਾਂ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ,‘‘ਮਾਣਯੋਗ ਮੋਦੀ ਜੀ, ਚੀਨੀ ਫ਼ੌਜ ਨੇ ਸਾਡੀ ਜ਼ਮੀਨ ’ਤੇ ਮੁੜ ਘੁਸਪੈਠ ਕੀਤੀ। ਚੀਨ ਦੀ ਇਹ ਹਿੰਮਤ ਕਿਵੇਂ ਹੋਈ ਕਿ ਉਹ ਨਾਗਰਿਕ ਨੂੰ ਅਗ਼ਵਾ ਕਰ ਕੇ ਲੈ ਗਏ। ਸਾਡੀ ਸਰਕਾਰ ਚੁੱਪ ਕਿਉਂ ਹੈ? ਤੁਸੀਂ ਅਪਣੇ ਸੰਸਦ ਮੈਂਬਰ ਦੀ ਅਪੀਲ ਕਿਉਂ ਨਹੀਂ ਸੁਣ ਰਹੇ? ਹੁਣ ਇਹ ਨਾ ਕਹਿਣਾ, ਨਾ ਕੋਈ ਆਇਆ, ਨਾ ਕਿਸੇ ਨੂੰ ਉਠਾਇਆ।’’ ਰਾਹੁਲ ਗਾਂਧੀ ਨੇ ਟਵੀਟ ਵਿਚ ਇਹ ਵੀ ਦਸਿਆ ਕਿ ਅਗ਼ਵਾ ਕੀਤੇ ਨਾਬਾਲਗ਼ ਦੀ ਪਛਾਣ ਮੀਰਾਮ ਦਮੇ ਰੂਪ ਵਿਚ ਹੋਈ ਹੈ ਅਤੇ ਚੀਨੀ ਫ਼ੌਜ ਨੇ ਸਿਯੂੰਗਲਾ ਖੇਤਰ ਦੇ ਲੁੰਗਤਾ ਜ਼ੋਰ ਇਲਾਕੇ ਤੋਂ ਨਾਬਾਲਗ਼ ਨੂੰ ਅਗ਼ਵਾ ਕੀਤਾ। (ਪੀਟੀਆਈ)