'ਆਪ' ਤੇ ਅਕਾਲੀ ਉਮੀਦਵਾਰ ਨੂੰ ਅੰਦਰੋਂ ਤੇ ਕਾਂਗਰਸੀ ਉਮੀਦਵਾਰ ਨੂੰ ਬਾਹਰੋਂ ਖ਼ਤਰਾ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਤੇ ਅਕਾਲੀ ਉਮੀਦਵਾਰ ਨੂੰ ਅੰਦਰੋਂ ਤੇ ਕਾਂਗਰਸੀ ਉਮੀਦਵਾਰ ਨੂੰ ਬਾਹਰੋਂ ਖ਼ਤਰਾ

image

ਬਠਿੰਡਾ ਸ਼ਹਿਰੀ ਹਲਕੇ 'ਚ ਗਹਿਗੱਚ ਸਿਆਸੀ ਮੁਕਾਬਲਾ ਹੋਣ ਦੀ ਸੰਭਾਵ

ਬਠਿੰਡਾ, 20 ਜਨਵਰੀ (ਸੁਖਜਿੰਦਰ ਮਾਨ): ਆਗਾਮੀ 20 ਫ਼ਰਵਰੀ ਨੂੰ  ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਦੇ ਚਰਚਿਤ ਬਠਿੰਡਾ ਸ਼ਹਿਰੀ ਹਲਕੇ 'ਚ ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਪਹਿਲੀ ਵਾਰ ਸ਼ਹਿਰ ਵਿਚ ਬਹੁਕੌਣੇ ਮੁਕਾਬਲੇ ਹੋਣ ਕਾਰਨ ਸਥਿਤੀ ਰੌਚਕ ਬਣਦੀ ਜਾ ਰਹੀ ਹੈ ਜਦੋਂਕਿ ਕਰੋਨਾ ਪਾਬੰਦੀਆਂ ਕਾਰਨ ਸਿਆਸੀ ਰੈਲੀਆਂ ਤੇ ਵੱਡੇ ਇਕੱਠ ਕਰਨ 'ਤੇ ਲੱਗੀਆਂ ਪਾਬੰਦੀਆਂ ਦੇ ਚੱਲਦੇ ਵੋਟਰਾਂ ਵਲੋਂ ਅਜਾਦ ਮਨ ਨਾਲ ਵੋਟ ਪਾਉਣ ਦੀ ਖੁੱਲ ਵੀ ਦੇਖਣ ਨੂੰ  ਮਿਲ ਰਹੀ ਹੈ | ਇਸ ਹਲਕੇ ਦਾ ਸਿਆਸੀ ਵਿਸਲੇਸ਼ਣ ਕਰਨ 'ਤੇ ਬੇਸ਼ੱਕ ਇਸਨੂੰ ਕਾਂਗਰਸ ਪੱਖੀ ਹਲਕਾ ਮੰਨਿਆਂ ਜਾਂਦਾ ਰਿਹਾ ਹੈ ਪ੍ਰੰਤੂ ਇੱਥੇ ਅਣਹੋਣੀਆਂ ਵੀ ਵਾਪਰਦੀਆਂ ਰਹੀਆਂ ਹਨ | ਇਸਤੋਂ ਇਲਾਵਾ ਇਸ ਹਲਕੇ ਦਾ ਸਿਆਸੀ ਇਤਿਹਾਸ ਇਹ ਵੀ ਰਿਹਾ ਹੈ ਕਿ ਇੱਥੋਂ ਜਿੱਤਿਆ ਉਮੀਦਵਾਰ ਦੂਜੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣ ਵਿਚ ਅਸਫ਼ਲ ਰਿਹਾ ਹੈ | ਮੌਜੂਦਾ ਸਮੇਂ ਇਸ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ  ਚੋਣ ਮੈਦਾਨ ਵਿਚ ਮੁੜ ਉਤਾਰਿਆ ਹੈ | ਇਸੇ ਤਰ੍ਹਾਂ ਉਨ੍ਹਾਂ ਦੇ ਮੁਕਾਬਲੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਚਿਹਰੇ ਸਰੂਪ ਚੰਦ ਸਿੰਗਲਾ ਮੈਦਾਨ ਵਿਚ ਨਿੱਤਰੇ ਹੋਏ ਹਨ, ਉਥੇ ਕਾਂਗਰਸ ਤੋਂ ਵੱਖ ਹੋ ਕੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲਈ ਆਪ ਦੇ ਚੋਣ ਨਿਸ਼ਾਨ 'ਤੇ ਅਪਣੀ ਕਿਸਮਤ ਅਜਮਾ ਰਹੇ ਜਗਰੂਪ ਸਿੰਘ ਗਿੱਲ ਵੀ ਸੱਜਰਾ ਸ਼ਰੀਕ ਬਣਕੇ ਟੱਕਰ ਦੇ ਰਿਹਾ ਹੈ | ਉਂਜ ਅਕਾਲੀ ਦਲ ਨਾਲੋਂ ਵੱਖ ਹੋ ਕੇ ਮੈਦਾਨ ਵਿਚ ਨਿੱਤਰੀ ਭਾਜਪਾ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੰਯੁਕਤ ਅਕਾਲੀ ਦਲ ਦੇ ਗਠਜੋੜ ਦਾ ਉਮੀਦਵਾਰ ਵੀ ਇਸ ਹਲਕੇ ਦੇ ਸਿਆਸੀ ਗਣਿਤ ਨੂੰ  ਗੜਬੜਾ ਸਕਦਾ ਹੈ | ਮੁਢਲੇ ਤੌਰ 'ਤੇ ਇਹ ਗੱਲ ਦੇਖਣ ਨੂੰ  ਮਿਲ ਰਹੀ ਹੈ ਕਿ ਅਕਾਲੀ ਤੇ ਆਪ ਉਮੀਦਵਾਰਾਂ ਨੂੰ  ਅੰਦਰੋਂ ਤਿੱਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਕਾਲੀ ਦਲ ਵਲੋਂ ਨਗਰ ਨਿਗਮ ਦੇ ਮੇਅਰ ਰਹੇ ਦੋਨਾਂ ਵੱਡੇ ਆਗੂਆਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਸਮੇਤ ਟਿਕਟ ਦੇ ਚਾਹਵਾਨ ਰਹੇ ਕੁੱਝ ਆਗੂਆਂ ਦੀਆਂ ਸਿਆਸੀ ਸਰਗਰਮੀਆਂ ਵੀ ਸਰੂਪ ਸਿੰਗਲਾ ਦੀ ਚੋਣ ਮੁਹਿੰਮ 'ਚ ਘੱਟ ਦੇਖਣ ਨੂੰ  ਮਿਲ ਰਹੀਆਂ ਹਨ | ਸ਼ਹਿਰ ਵਿਚ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਦੋਨੋਂ ਬਾਦਲ ਪ੍ਰਵਾਰਾਂ ਦੇ ਆਪਸ 'ਚ ਮਿਲੇ ਹੋਣ ਦੀ ਚੱਲੀ ਅਫ਼ਵਾਹ ਵੀ ਉਨ੍ਹਾਂ ਲਈ ਨੁਕਸਾਨਦੇਹ ਦਿਖਾਈ ਦੇ ਰਹੀ ਹੈ | ਇਸਦੇ ਬਾਵਜੂਦ ਸ਼੍ਰੀ ਸਿੰਗਲਾ ਸਿਆਸੀ ਮੈਦਾਨ 'ਚ ਖੁਦ ਹੀ ਪੂਰੇ ਜੋਸ਼ ਨਾਲ ਮੈਦਾਨ ਵਿਚ ਡਟੇ ਹੋਏ ਦਿਖਾਈ ਦੇ ਰਹੇ ਹਨ | ਸ਼ਹਿਰ ਦੇ ਅੰਦਰੂਨੀ ਹਿੱਸੇ 'ਚ ਉਨ੍ਹਾਂ ਦੀ ਚੰਗੀ ਪਕੜ ਦਿਖ਼ਾਈ ਦੇ ਰਹੀ ਹੈ |  ਦੂਜੇ ਪਾਸੇ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਹਰ ਗੱਲ 'ਚ 'ਖ਼ੁਦ ਨੂੰ  ਸਿਆਣੇ' ਸਮਝਣ ਤੇ ਨਵੇਂ ਬੰਦਿਆਂ ਨੂੰ  ਅੱਗੇ ਕਰਨ ਦੀ ਆਦਤ ਉਨ੍ਹਾਂ ਨੂੰ  ਆਪ ਦੀ ਪੁਰਾਣੀ ਟੀਮ ਤੋਂ ਦੂਰ ਕਰ ਰਹੀ ਹੈ | ਆਪ ਦੇ ਕੁੱਝ ਆਗੂ ਬੇਸ਼ੱਕ ਉਪਰੋਂ ਤਾਂ ਉਨ੍ਹਾਂ ਦੇ ਨਾਲ ਚੱਲਦੇ ਦਿਖ਼ਾਈ ਦੇ ਰਹੇ ਹਨ ਪ੍ਰੰਤੂ ਡੂੰਘਾਈ ਨਾਲ ਵਾਚਣ 'ਤੇ ਉਹ 'ਬੁੁੱਤਾਂ' ਸਾਰਦੇ ਨਜ਼ਰ ਆ ਰਹੇ ਹਨ | ਇਸਦੇ ਬਾਵਜੂਦ ਗਿੱਲ ਨੂੰ  ਮਨਪ੍ਰੀਤ ਬਾਦਲ ਵਿਰੁਧ ਸ਼ਹਿਰ 'ਚ ਫੈਲੀ ਨਿਰਾਸ਼ਤਾ ਤੇ ਅਪਣੇ 40 ਸਾਲ ਦੀ ਬੇਦਾਗ ਸਿਆਸੀ ਜੀਵਨ ਦੀ ਪੂੰਜੀ 'ਤੇ ਮਾਣ ਹੈ | ਇਸਤੋਂ ਇਲਾਵਾ ਸ਼ਹਿਰ ਦੇ ਬਾਹਰਲੇ ਇਲਾਕੇ 'ਚ ਉਨ੍ਹਾਂ ਪ੍ਰਤੀ ਖਿੱਚ ਵੀ ਦਿਖ਼ਾਈ ਦੇ ਰਹੀ ਹੈ | ਇੰਨ੍ਹਾਂ ਦੋਨਾਂ ਉਮੀਦਵਾਰਾਂ ਤੋਂ ਬਾਅਦ ਅਜਿਹਾ ਨਹੀਂ ਹੈ ਕਿ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਪੂਰੀ ਤਰ੍ਹਾਂ ਸੇਫ਼ ਹਨ, ਬਲਕਿ ਉਨ੍ਹਾਂ ਨੂੰ  ਦੂਹਰੀ ਮਾਰ ਝੱਲਣੀ ਪੈ ਰਹੀ ਹੈ | ਅਪਣੇ ਰਿਸ਼ਤੇਦਾਰ ਤੇ ਬਾਹਰੋਂ ਲਿਆਂਦੀ ਟੀਮ ਨੂੰ  ਦਿੱਤੀਆਂ ਅਥਾਹ ਸ਼ਕਤੀਆਂ ਕਾਰਨ ਬਠਿੰਡਾ ਸ਼ਹਿਰ ਦੇ ਕਈ ਟਕਸਾਲੀ ਕਾਂਗਰਸੀ ਅੰਦਰੋਂ ਅੰਦਰੀ ਔਖੇ ਰਹੇ ਹਨ | ਇਸੇ ਤਰ੍ਹਾਂ ਪਿਛਲੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਵਿਚੋਂ ਕਈ ਪ੍ਰਮੁੱਖ ਵਾਅਦੇ ਵਫ਼ਾ ਨਾ ਹੋਣ ਤੇ ਬਠਿੰਡਾ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਥਰਮਲ ਪਲਾਂਟ ਨੂੰ  ਢਹਿ-ਢੇਰੀ ਕਰਨ, ਨਕਸ਼ੇ ਪਾਸ ਕਰਵਾਉਣ ਬਦਲੇ ਮੱਚੀ ਅੰਨੀ ਲੱੁਟ ਤੋਂ ਇਲਾਵਾ ਸ਼ਹਿਰ ਦੇ ਕਈ ਪਲਾਟਾਂ 'ਤੇ ਨਜਾਇਜ਼ ਕਬਜਿਆਂ ਦੀਆਂ ਵਾਪਰੀਆਂ ਘਟਨਾਵਾਂ ਦਾ ਖ਼ੌਫ਼ ਵੀ ਹਾਲੇ ਤੱਕ ਵੋਟਰਾਂ ਦੇ ਮਨਾਂ 'ਤੇ ਛਾਇਆ ਹੋਇਆ ਹੈ | ਇਸਦੇ ਬਾਵਜੂਦ ਕਰੀਬ ਇੱਕ ਸਾਲ ਪਹਿਲਾਂ ਚੁਣੀ ਕਾਂਗਰਸੀ ਕੋਂਸਲਰਾਂ ਦੀ ਵੱਡੀ ਟੀਮ ਤੇ ਚੋਣਾਂ ਤੋਂ ਇਕਦਮ ਪਹਿਲਾਂ ਸੋਲਰ ਤੇ ਵਿੱਤੀ ਸਹਾਇਤਾਂ ਦੇ ਨਾਂ 'ਤੇ ਬਠਿੰਡਾ ਦੇ ਵੋਟਰਾਂ ਲਈ ਸਰਕਾਰੀ ਖ਼ਜਾਨੇ ਦੇ ਮੂੰਹ ਖੋਲਣ ਦੀਆਂ ਸਕੀਮਾਂ ਉਨ੍ਹਾਂ ਲਈ ਆਕਸ਼ੀਜਨ ਦਾ ਕੰਮ ਕਰ ਰਹੀਆਂ ਹਨ |

ਇਸ ਖ਼ਬਰ ਨਾਲ ਸਬੰਧਤ ਫੋਟੋ 20 ਬੀਟੀਆਈ 01 ਨੰਬਰ ਵਿਚ ਭੇਜੀ ਜਾ ਰਹੀ ਹੈ |