ਕੀ 2022 'ਚ ਵੀ ਕਾਇਮ ਰਹੇਗੀ ਮਾਲਵੇ ਦੀ ਸਰਦਾਰੀ, CM ਦੀ ਦੌੜ 'ਚ ਨੇ ਮਾਲਵੇ ਤੋਂ ਇਹ ਨਾਮ 

ਏਜੰਸੀ

ਖ਼ਬਰਾਂ, ਪੰਜਾਬ

ਹੁਣ ਤੱਕ 12 ਵਿਚੋਂ 10 ਮੁੱਖ ਮੰਤਰੀ ਮਾਲਵਾ ਖੇਤਰ ਤੋਂ ਹੀ ਬਣੇ ਹਨ।

File Photo

 

ਚੰਡੀਗੜ੍ਹ : ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਬੀਤੇ ਦਿਨੀਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ। ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਇਸ ਵਾਰ ਉਹ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਚੋਣ ਲੜਨਗੇ। ਜੇ ਗੱਲ ਮੁੱਖ ਮੰਤਰੀ ਚਿਹਰੇ ਦੀ ਕੀਤੀ ਜਾਵੇ ਤਾਂ ਇਸ ਵਾਰ ਵੀ ਪੰਜਾਬ ਨੂੰ ਮਾਲਵਾ ਖੇਤਰ ਤੋਂ ਮੁੱਖ ਮੰਤਰੀ ਮਿਲ ਸਕਦਾ ਹੈ। ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਹੈ ਜੋ ਕਿ ਮਾਲਵਾ ਖੇਤਰ ਤੋਂ ਹੈ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਤੋਂ ਵੀ ਸੁਖਬੀਰ ਬਾਦਲ ਦਾ ਨਾਂ ਸਪੱਸ਼ਟ ਹੈ। ਸੁਖਬੀਰ ਬਾਦਲ ਇਸ ਵਾਰ ਜਲਾਲਾਬਾਦ ਤੋਂ ਚੋਣ ਲੜ ਰਹੇ ਹਨ ਤੇ ਜੇ ਉਙ ਸੱਤਾ ਵਿਚ ਆਉਂਦੇ ਹਨ ਤਾਂ ਵੀ ਮੁੱਖ ਮੰਤਰੀ ਮਾਲਵੇ ਤੋਂ ਹੀ ਹੋਵੇਗਾ। ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਵੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਦਾ ਮਨ ਬਣਾ ਲਿਆ ਹੈ ਤੇ ਚਰਨਜੀਤ ਚੰਨੀ ਵੀ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ ਜੋ ਇਕ ਮਾਲਵਾ ਖੇਤਰ ਵਿਚ ਆਉਂਦਾ ਹੈ। ਜੇ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 12 ਵਿਚੋਂ 10 ਮੁੱਖ ਮੰਤਰੀ ਹੁਣ ਤੱਕ ਮਾਲਵਾ ਖੇਤਰ ਤੋਂ ਹੀ ਬਣੇ ਹਨ। 

ਭਾਰਤੀ ਜਨਤਾ ਪਾਰਟੀ-ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਅਜੇ ਕੋਈ ਸੀਐੱਮ ਚਿਹਰਾ ਐਲਾਨਿਆ ਗਿਆ ਹੈ ਪਰ ਗਠਜੋੜ ਕੋਲ ਇੱਕ ਚਿਹਰਾ ਕੈਪਟਨ ਅਮਰਿੰਦਰ ਸਿੰਘ ਹੈ, ਜੋ ਕਿ ਮਾਲਵੇ ਤੋਂ ਹਨ। ਇਸੇ ਤਰ੍ਹਾਂ 22 ਕਿਸਾਨ ਜਥੇਬੰਦੀਆਂ ਦੀ ਪਾਰਟੀ ਸਾਂਝੇ ਮੋਰਚਾ ਨੇ ਹਾਲੇ ਤੱਕ ਕਿਸੇ ਨੂੰ ਵੀ ਆਪਣਾ ਉਮੀਦਵਾਰ ਨਹੀਂ ਐਲਾਨਿਆ ਪਰ ਉਨ੍ਹਾਂ ਦਾ ਵੀ ਮੁੱਖ ਮੰਤਰੀ ਚਿਹਰਾ ਬਲਬੀਰ ਸਿੰਘ ਰਾਜੇਵਾਲ ਹੈ। ਰਾਜੇਵਾਲ ਦਾ ਸਬੰਧ ਵੀ ਮਾਲਵੇ ਦੇ ਸਮਰਾਲਾ ਇਲਾਕੇ ਨਾਲ ਹੈ ਤੇ ਉਹ ਉੱਥੋਂ ਹੀ ਚੋਣ ਲੜ ਰਹੇ ਹਨ।