ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਸਪਤਾਲ ਪਹੁੰਚ ਕੇ ਪੁੱਛਿਆ ਜ਼ਖ਼ਮੀਂ ਮਹਿਲਾ ਪੁਲਿਸ ਕਰਮਚਾਰੀ ਦਾ ਹਾਲਚਾਲ

ਏਜੰਸੀ

ਖ਼ਬਰਾਂ, ਪੰਜਾਬ

ਨਗਰ ਕੌਂਸਲ ਦਫ਼ਤਰ ’ਚ ਨਗਰ ਕੌਂਸਲ ਪ੍ਰਧਾਨ ਦੇ ਸਮਰਥਕਾਂ ਵਲੋਂ ਉਸ ਨੂੰ ਥੱਪੜ ਮਾਰਿਆ ਗਿਆ ਸੀ...

Cabinet Minister Anmol Gagan Mann reached the hospital and inquired about the condition of the injured female police personnel

 

ਖਰੜ- ਨਗਰ ਕੌਂਸਲ ’ਚ ਹੋਏ ਹੰਗਾਮੇ ਦੌਰਾਨ ਜ਼ਖ਼ਮੀ ਹੋਈ ਮਹਿਲਾ ਪੁਲਿਸ ਕਰਮਚਾਰੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਨਗਰ ਕੌਂਸਲ ਦਫ਼ਤਰ ’ਚ ਨਗਰ ਕੌਂਸਲ ਪ੍ਰਧਾਨ ਦੇ ਸਮਰਥਕਾਂ ਵਲੋਂ ਉਸ ਨੂੰ ਥੱਪੜ ਮਾਰਿਆ ਗਿਆ ਸੀ। 

ਦੇਰ ਸ਼ਾਮ 7 ਵਜੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਂ ਮਹਿਲਾ ਕਰਮਚਾਰੀ ਦਾ ਹਾਲਚਾਲ ਜਾਨਣ ਲਈ ਹਸਪਤਾਲ ਪਹੁੰਚੇ ਅਤੇ ਉਸ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਤੁਸੀਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਅਤੇ ਉਕਤ ਹੁੱਲੜਬਾਜ਼ੀ ਕਰਦੇ ਨੌਜਵਾਨਾਂ ਨੂੰ ਰੋਕਿਆ ਹੈ।

ਉਨ੍ਹਾਂ ਕਿਹਾ ਕਿ ਉਕਤ ਕਥਿਤ ਦੋਸ਼ੀ ’ਤੇ ਬਣਦੀ ਸਖ਼ਤ ਕਾਰਵਾਈ ਕਰਾਂਗੇ। ਉਨ੍ਹਾਂ ਇਸ ਮੌਕੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਅਸੀਂ ਜੋ ਕੁਝ ਸੋਚਿਆ ਹੋਇਆ ਹੈ, ਉਹ ਉਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਮੌਜੂਦਾ ਪ੍ਰਧਾਨ ਨਹੀਂ ਬਦਲਦੀ। ਅੱਜ ਜੋ ਕੁੱਝ ਵੀ ਹੋਇਆ, ਉਹ ਬਹੁਤ ਮੰਦਭਾਗਾ ਹੈ ਕਿਉਕਿ ਉਕਤ ਨੌਜਵਾਨ ਵਲੋਂ ਆਪਣੀ ਮਾਂ ਦੀ ਉਮਰ ਦੀ ਔਰਤ ਨੂੰ ਇਸ ਤਰ੍ਹਾਂ ਥੱਪੜ ਮਾਰਨਾ ਬਹੁਤ ਹੀ ਘਿਨਾਉਣੀ ਹਰਕਤ ਹੈ। ਉਨ੍ਹਾਂ ਕਿਹਾ ਕਿ ਖੁਦ ਇਕ ਔਰਤ ਦੇ ਪ੍ਰਧਾਨ ਹੁੰਦੇ ਹੋਏ ਉਸ ਦੇ ਸਮਰਥਕ ਵੱਲੋਂ ਮਹਿਲਾ ਮੁਲਾਜ਼ਮ ’ਤੇ ਹੱਥ ਚੁੱਕਣ ’ਤੇ ਪ੍ਰਧਾਨ ਦਾ ਇਸ ’ਤੇ ਨਾ ਬੋਲਣਾ ਇਕ ਘਟੀਆ ਮਾਨਸਿਕਤਾ ਦਰਸਾਉਂਦਾ ਹੈ।

ਨਗਰ ਕੌਂਸਲ ਪ੍ਰਧਾਨ ਦੇ ਇਕ ਸਮਰਥਕ ਅਮਨਦੀਪ ਸਿੰਘ ਨੇ ਡਿਊਟੀ ’ਤੇ ਤਾਇਨਾਤ ਇਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰ ਕੇ ਉਸ ਨਾਲ ਖਿੱਚੋਤਾਣ ਕੀਤੀ, ਜਿਸ ਤੋਂ ਬਾਅਦ ਐੱਸਐੱਚਓ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਬਿਨ੍ਹਾਂ ਕਿਸੇ ਕੰਮ ਤੋਂ ਨਗਰ ਕੌਂਸਲ ਵਿਚ ਹਾਜ਼ਰ ਸੀ, ਨੂੰ ਜਦੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਉਹ ਪੁਲਿਸ ਨਾਲ ਹੀ ਉਲਝ ਗਿਆ।