Ram Mandir Inauguration: ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਚ ਸੱਦੇ ਨੂੰ ਲੈ ਕੇ ਭਖੀ ਸਿੱਖ ਧਰਮ ਨੂੰ ਹਿੰਦੂ ਧਰਮ ’ਚ ਰਲਗੱਡ ਕਰਨ ’ਤੇ ਬਹਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਵੀ ਕਰਦੇ ਨੇ ਮੂਰਤੀ ਪੂਜਾ, ਗੁਰੂ ਗ੍ਰੰਥ ਸਾਹਿਬ ਜੀ ਵੀ ਇਕ ਮੂਰਤ ਰੂਪ : ਸਵਾਮੀ ਵਾਗੀਸ਼ ਸਵਰੂਪ

Debate over invitation to 'Pran Pratishtha'

Ram Mandir Inauguration: ਜਦੋਂ ਸਿੱਖ ਮੂਰਤੀ ਨੂੰ ਨਹੀਂ ਮੰਨਦੇ ਤਾਂ ਮੂਰਤੀ ’ਚ ਪ੍ਰਾਣ ਦਾਖ਼ਲ ਕਰਨ ਦੀ ‘ਪ੍ਰਾਣ ਪ੍ਰਤਿਸ਼ਠਾ’ ਨਾਲ ਸਾਡੀ ਕੋਈ ਸਾਂਝ ਨਹੀਂ ਹੋ ਸਕਦੀ : ਮਾਲਵਿੰਦਰ ਸਿੰਘ ਮਾਲੀ

ਇਸ ਮਸਲੇ ’ਤੇ ਬੈਠ ਕੇ ਵਿਚਾਰ ਕਰਨ ਦੀ ਜ਼ਰੂਰਤ : ਬਲਜੀਤ ਸਿੰਘ ਦਾਦੂਵਾਲ

ਅਯੁੱਧਿਆ ’ਚ ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਸੱਦਾ ਪੱਤਰ ਦੇਣ ਦੇ ਮਸਲੇ ’ਤੇ ਵਿਵਾਦ ਪੈਦਾ ਹੋ ਗਿਆ ਹੈ ਕਿ ਇਸ ਸਮਾਗਮ ਨੂੰ ਲੈ ਕੇ ਸਿੱਖ ਧਰਮ ਨੂੰ ਹਿੰਦੂ ਧਰਮ ’ਚ ਰਲਗੱਡ ਕੀਤਾ ਜਾ ਰਿਹਾ ਹੈ। ਅਜੇ ਤਕ ਜਥੇਦਾਰ ਨੇ ਇਸ ਸਮਾਗਮ ’ਚ ਸ਼ਾਮਲ ਹੋਣ ਬਾਰੇ ਸਹਿਮਤੀ ਜਾਂ ਇਨਕਾਰ ਨਹੀਂ ਕੀਤਾ ਹੈ, ਜਿਸ ਕਾਰਨ ਉਨ੍ਹਾਂ ’ਤੇ ਵੀ ਸਵਾਲ ਉਠ ਰਹੇ ਹਨ। ਕੇਂਦਰ ਸਿੰਘ ਸਭਾ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਸਿੱਖਾਂ ਦਾ ਮੂਰਤੀ ਪੂਜਾ ਨਾਲ ਕੁੱਝ ਲੈਣਾ-ਦੇਣਾ ਨਹੀਂ ਹੈ ਅਤੇ ਜੇਕਰ ਜਥੇਦਾਰ ਇਸ ਸਮਾਗਮ ’ਚ ਗਏ ਤਾਂ ਸਿੱਖ ਕੌਮ ਉਨ੍ਹਾਂ ਨੂੰ ਬਿਲਕੁਲ ਹੀ ਮੰਨਣਾ ਬੰਦ ਕਰ ਦੇਵੇਗੀ।
ਇਸ ਦੌਰਾਨ ਸਪੋਕਸਮੈਨ ਟੀ.ਵੀ. ’ਤੇ ਹੋਈ ਇਕ ਬਹਿਸ ’ਚ ਅਖਿਲ ਭਾਰਤੀ ਸੰਤ ਸਮਿਤੀ ਦੇ ਡਾ. ਸਵਾਮੀ ਵਾਗੀਸ਼ ਸਵਰੂਪ ਨੇ ਨਵਾਂ ਵਿਵਾਦ ਪੈਦਾ ਕਰਦਿਆਂ ਕਿਹਾ, ‘‘ਮੂਰਤੀ ਪੱਥਰ ਦੀ, ਧਾਤੂ ਦੀ ਜਾਂ ਲੱਕੜ ਦੀ ਹੋ ਸਕਦੀ ਹੈ। ਮੇਰਾ ਮੰਨਣਾ ਹੈ ਕਿ ਮੂਰਤੀ ਦੀ ਵਿਆਖਿਆ ਸੱਭ ਤੋਂ ਵਧੀਆ ਸਿੱਖ ਧਰਮ ਵਿਚ ਹੁੰਦੀ ਹੈ। ਜਿਸ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਹਾਜ਼ਰ-ਨਾਜ਼ਰ ਮੰਨਦੇ ਹਾਂ ਕੀ ਉਹ ਮੂਰਤ ਰੂਪ ਵਿਚ ਨਹੀਂ ਹੈ? ਮੂਰਤ ਰੂਪ ਵਿਚ ਹੀ ਅਸੀਂ ਉਨ੍ਹਾਂ ਦੇ ਅੱਗੇ ਝੁਕਦੇ ਹਾਂ ਤੇ ਮੈਂ ਮੰਨਦਾ ਹਾਂ ਕਿ ਇਹ ਤਰਕ ਨਹੀਂ ਦੇਣਾ ਚਾਹੀਦਾ ਕਿ ਸਿੱਖ ਮੂਰਤੀ ਦੀ ਪੂਜਾ ਨਹੀਂ ਕਰਦੇ। ਗ੍ਰੰਥ ਮੂਰਤ ਰੂਪ ਵਿਚ ਹੋ ਸਕਦਾ ਹੈ।’’

ਜਦਕਿ ਸਿਆਸੀ ਸਿੱਖ ਮਾਹਰ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਇਹ ਬਿਲਕੁਲ ਗ਼ਲਤ ਗੱਲ ਹੈ। ਉਨ੍ਹਾਂ ਕਿਹਾ, ‘‘ਸਿੱਖਾਂ ਦੇ ਅੰਦਰ ਬਿਪਰ ਸੰਸਕਾਰ ਭਰੇ ਜਾ ਰਹੇ ਹਨ। ‘ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰੂ ਕੀ ਦੇਹ’ ਗੁਰਬਾਣੀ ਕਸੌਟੀ ’ਤੇ ਪੂਰਾ ਨਹੀਂ ਉਤਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਨੂੰ ‘ਅੰਗ’ ਕਹਿਣਾ ਵੀ ਗੁਰਬਾਣੀ ਦੀ ਕਸੌਟੀ ’ਤੇ ਪੂਰਾ ਨਹੀਂ ਉਤਰਦਾ। ਸਾਡੀ ਮਾਰਗ ਸੇਧ ਅਜੇ ਵੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਗੁਰਬਾਣੀ ਹੈ। ਉਹੀ ਸਾਡੀ ਜੀਵਨਜਾਚ ਹੈ। ਇਹੀ ਦਸਦੀ ਹੈ ਕਿ ਦੂਜੇ ਧਰਮਾਂ ਤੋਂ ਸਾਡਾ ਵਖਰੇਵਾਂ ਕੀ ਹੈ। ਨਾ ਹੀ ਸਿੱਖ ਮੂਰਤੀ ਪੂਜਕ ਹੈ ਬਲਕਿ ਸਿੱਖ ਤਾਂ ਬੁੱਤ ਤੋੜਕ ਹੈ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅੱਗੇ ਕਿਹਾ, ‘‘ਪਰ ਜਿਸ ਹਿਸਾਬ ਨਾਲ ਸੱਦਾ ਪੱਤਰ ਦਿਤੇ ਜਾ ਰਹੇ ਉਹ ਸਿੱਖਾਂ ਦੀ ਵਖਰੀ ਹੋਂਦ ਵਜੋਂ ਨਹੀਂ ਦਿਤੇ ਜਾ ਰਹੇ ਬਲਕਿ ਸਿੱਖਾਂ ਨੂੰ ਸਨਾਤਨ ਧਰਮ ਦਾ ਅੰਗ ਮੰਨ ਕੇ ਸੱਦੇ ਦਿਤੇ ਜਾ ਰਹੇ ਹਨ ਕਿਉਂਕਿ ਕਿਸੇ ਇਸਾਈ ਧਰਮ ਜਾਂ ਮੁਸਲਮਾਨ ਧਰਮ ਦੇ ਆਗੂ ਨੂੰ ਸੱਦਾ ਨਹੀਂ ਦਿਤਾ ਗਿਆ। ਜਦੋਂ ਸਿੱਖ ਮੂਰਤੀ ਨੂੰ ਨਹੀਂ ਮੰਨਦੇ ਤਾਂ ਮੂਰਤੀ ’ਚ ਪ੍ਰਾਣ ਦਾਖ਼ਲ ਕਰਨ ਦੀ ‘ਪ੍ਰਾਣ ਪ੍ਰਤਿਸ਼ਠਾ’ ਨਾਲ ਸਾਡੀ ਕੋਈ ਸਾਂਝ ਨਹੀਂ ਹੋ ਸਕਦੀ।’’ ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਯੁੱਧਿਆ ਰਾਮਲਲਾ ਦੇ ਦਰਸ਼ਨ ਕਰਨ ਗਏ ਸਨ ਜਦਕਿ ਉਹ ਕਿਤੇ ਵੀ ਦਰਸ਼ਨ ਕਰਨ ਲਈ ਨਹੀਂ ਗਏ ਬਲਕਿ ਉਹ ਹਰ ਥਾਂ ਸੰਵਾਦ ਕਰਨ ਗਏ ਸਨ। ਜੋ ਵੀ ਉਨ੍ਹਾਂ ਨੂੰ ਸੱਚ ਲੱਗਾ ਉਸ ਨੂੰ ਇਕੱਠਾ ਕਰ ਕੇ ਗੁਰੂ ਗ੍ਰੰਥ ਸਾਹਿਬ ’ਚ ਦਰਜ ਕੀਤਾ।

ਇਸ ਦੇ ਜਵਾਬ ’ਚ ਸਵਾਮੀ ਵਾਗੀਸ਼ ਸਵਰੂਪ ਨੇ ਕਿਹਾ, ‘‘ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਕਾਰਨ ਸੱਦਾ ਦਿਤਾ ਗਿਆ ਕਿਉਂਕਿ ਭਗਤ ਰਵਿਦਾਸ ਜੀ ਰਾਮਾਨੰਦਾਚਾਰੀਆ ਦੇ ਸ਼ਿਸ਼ ਸਨ ਜਿਨ੍ਹਾਂ ਦੀ ਕਮੇਟੀ ਦਾ ਇਹ ਮੰਦਰ ਹੈ। ਰਾਮਾਨੰਦਾਚਾਰੀਆ ਜੀ ਰਾਮ ਨੂੰ ਪੂਜਦੇ ਸਨ ਅਤੇ ਰਵਿਦਾਸ ਜੀ ਦੀ ਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ, ਜਿਸ ਕਾਰਨ ਸਾਡਾ ਵੀ ਹੱਕ ਬਣ ਜਾਂਦਾ ਹੈ ਸਿੱਖਾਂ ਨੂੰ ਸੱਦਾ ਦੇਣ ਦਾ।’’ ਉਨ੍ਹਾਂ ਕਿਹਾ ਕਿ ਇਸਾਈ ਅਤੇ ਮੁਸਲਿਮ ਧਰਮ ਨਾਲ ਸਬੰਧਤ ਲੋਕਾਂ ਨੂੰ ਸੱਦਾ ਦੇਣਾ ਕਮੇਟੀ ਦਾ ਕੰਮ ਸੀ ਅਤੇ ਉਨ੍ਹਾਂ ਨੇ ਅਜਿਹਾ ਜ਼ਰੂਰ ਕੀਤਾ ਹੋਵੇਗਾ ਅਤੇ ਸਮਾਰੋਹ ’ਚ ਜ਼ਰੂਰ ਇਨ੍ਹਾਂ ਧਰਮਾਂ ਨਾਲ ਸਬੰਧਤ ਲੋਕ ਹੋਣਗੇ।
ਹਾਲਾਂਕਿ ਸਿੱਖ ਬੁੱਧੀਜੀਵੀ ਡਾ. ਖੁਸ਼ਹਾਲ ਸਿੰਘ ਨੇ ਕਿਹਾ, ‘‘ਇਹ ਸੱਭ ਇਕ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਤੇ ਵਾਹ-ਵਾਹ ਖੱਟਣ ਲਈ ਕੀਤਾ ਜਾ ਰਿਹਾ ਹੈ। ਇਸ ਨਾਲ ਸਿੱਖੀ ਦਾ ਕੋਈ ਵਾਹ ਵਾਸਤਾ ਨਹੀਂ ਹੈ।’’

ਸਪੋਕਸਮੈਨ ਟੀ.ਵੀ. ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੋਂ ਵੀ ਰਾਏ ਲਈ ਗਈ, ਜਿਸ ਦੌਰਾਨ ਉਨ੍ਹਾਂ ਨੇ ਕਿਹਾ, ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹਨ ਤੇ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ ਹੈ। ਜਿਹੜੇ ਸਾਡੇ ਹਿੰਦੂ ਵੀਰ ਮੂਰਤੀ ਪੂਜਾ ਨੂੰ ਮੰਨਦੇ ਹਨ ਉਹ ਜੀਅ ਸਦਕੇ ਮੰਨਣ ਪਰ ਗੁਰੂ ਗ੍ਰੰਥ ਸਾਹਿਬ ਵਿਚ ਇਸ ਖੰਡਨ ਕੀਤਾ ਗਿਆ ਹੈ, ਗੁਰੂ ਗ੍ਰੰਥ ਸਾਹਿਬ ਇਕ ਸ਼ਬਦ ਦਾ ਪੁਜਾਰੀ ਹੈ।’’ ਉਨ੍ਹਾਂ ਨੇ ਕਿਹਾ ਕਿ ਰਾਮ ਮੰਦਰ ਵਿਚ ਜਿੱਥੇ ਮੂਰਤੀ ਦੀ ਪੂਜਾ ਹੋਣੀ ਹੈ, ਉੱਥੇ ਤਾਂ ਕੋਈ ਆਮ ਸਿੱਖ ਵੀ ਨਹੀਂ ਜਾਵੇਗਾ ਫਿਰ ਜਥੇਦਾਰ ਦਾ ਜਾਣਾ ਤਾਂ ਬਹੁਤ ਵੱਡੀ ਗੱਲ ਹੈ। ਇਸ ਦੇ ਨਾਲ ਹੀ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਸ ਮੁੱਦੇ ’ਤੇ ਟੀ.ਵੀ. ਡਿਬੇਟਾਂ ਨਾਲੋਂ ਬੈਠ ਕੇ ਵਿਚਾਰ ਕਰਨਾ ਬਿਹਤਰ ਰਹੇਗਾ।

 (For more Punjabi news apart from Debate over invitation to 'Pran Pratishtha' , stay tuned to Rozana Spokesman)