ਨਾਭਾ ਦੇ ਪਿੰਡ ਜੱਸੋਮਾਜਰਾ ’ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਸੰਦੀਪ ਕੁਮਾਰ ਵਜੋਂ ਹੋਈ ਪਛਾਣ

Elder brother kills younger brother in Jassomajra village of Nabha

ਨਾਭਾ : ਪਟਿਆਲਾ ਦੇ ਨਾਭਾ ਅਧੀਨ ਆਉਂਦੇ ਪਿੰਡ ਜੱਸੋਮਾਜਰਾ ਤੋਂ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਰਫ ਦੀਪੂ ਵਜੋਂ ਹੋਈ ਹੈ । ਕਤਲ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਭਾਦਸੋਂ ਪੁਲਿਸ ਵੱਲੋਂ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵੱਡਾ ਭਰਾ ਪਰਵਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਹ ਅਕਸਰ ਹੀ ਲੜਦਾ ਝਗੜਦਾ ਰਹਿੰਦਾ ਸੀ । ਛੋਟਾ ਭਰਾ ਮ੍ਰਿਤਕ ਸੰਦੀਪ ਕੁਮਾਰ ਉਰਫ ਦੀਪੂ ਜਦੋਂ ਆਪਣੇ ਭਰਾ ਦੇ ਘਰ ਗਿਆ ਹੋਇਆ ਸੀ ਅਤੇ ਆਪਣੇ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਸ ਮੌਕੇ ਮ੍ਰਿਤਕ ਸੰਦੀਪ ਕੁਮਾਰ ਦੀ ਮਾਤਾ ਦਰਸ਼ਨਾ ਦੇਵੀ ਅਤੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਛੋਟਾ ਬੇਟਾ ਵੱਡੇ ਭਰਾ ਦੇ ਘਰ ਗਿਆ ਸੀ ਅਤੇ ਉਥੇ ਹੀ ਉਸ ਦਾ ਕਤਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਡਾ ਵੱਡਾ ਬੇਟਾ ਭੱਜਾ ਆਇਆ ਕਿ ਸੰਦੀਪ ਨੂੰ ਕਿਸੇ ਨੇ ਮਾਰ ਦਿੱਤਾ ਹੈ । ਪਰ ਸਾਨੂੰ ਉਸ ਦੀ ਗੱਲ ’ਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਕਿਉਂਕਿ ਸੰਦੀਪ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਜਿਸ ਕਰਕੇ ਉਸ ਨੂੰ ਕਿਸੇ ਵੱਲੋਂ ਮਾਰ ਦਿੱਤਾ ਗਿਆ ਹੋਵੇ। ਮਾਪਿਆਂ ਨੇ ਦੱਸਿਆ ਕਿ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਾਡੇ ਵੱਡੇ ਬੇਟੇ ਨੇ ਹੀ ਸੰਦੀਪ ਨੂੰ ਮੌਤ ਦੇ ਘਾਟ ਉਤਾਰਿਆ ਹੈ।