ਸਿਖਿਆ ਮੰਤਰੀ ਓ.ਪੀ. ਸੋਨੀ ਨੇ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਦੇ ਨਤੀਜਿਆਂ ਨੂੰ ਸਰਾਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਖਿਆ ਵਿਭਾਗ ਪੰਜਾਬ ਸਰਕਾਰੀ ਸਕੂਲਾਂ ਅਤੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਸਿਖਣ ਪੱਧਰ ਦਾ ਮਿਆਰ ਵਧੀਆ ਬਣਾ ਰਿਹਾ ਹੈ

Education Minister OP Soni

ਐੱਸ.ਏ.ਐੱਸ. ਨਗਰ : ਸਿਖਿਆ ਵਿਭਾਗ ਪੰਜਾਬ ਸਰਕਾਰੀ ਸਕੂਲਾਂ ਅਤੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਸਿਖਣ ਪੱਧਰ ਦਾ ਮਿਆਰ ਵਧੀਆ ਬਣਾ ਰਿਹਾ ਹੈ। ਸਕੂਲਾਂ ਦੀ ਕਾਇਆ-ਕਲਪ ਕਰ ਕੇ ਵਿਭਾਗ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਕੀਰਤੀਮਾਨ ਸਥਾਪਤ ਕੀਤਾ ਹੈ। ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰਾਂ ਵਿਚ ਸਕੂਲੀ ਵਿਦਿਆਰਥੀ ਮੱਲ੍ਹਾਂ ਮਾਰ ਰਹੇ ਹਨ। ਵਿਭਾਗ ਦੀਆਂ ਨੀਤੀਆਂ ਉੱਤੇ ਅਮਲ ਕਰਦਿਆਂ ਸਿਖਿਆ ਅਧਿਕਾਰੀਆਂ ਨੇ ਬਿਹਤਰੀਨ ਨਤੀਜੇ ਦਿਤੇ ਹਨ ਅਤੇ ਭਵਿੱਖ ਵਿਚ ਦਿਤੇ ਜਾਣ ਦੀ ਉਮੀਦ ਬੱਝ ਚੁੱਕੀ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਖਿਆ ਮੰਤਰੀ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਆਡੀਟੋਰੀਅਮ ਵਿਖੇ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰੋਗਰਾਮ ਦੀ ਮੀਟਿੰਗ ਵਿਚ ਜ਼ਿਲ੍ਹਾ ਸਿਖਿਆ ਅਫ਼ਸਰਾਂ ਸੈਕੰਡਰੀ ਅਤੇ ਐਲੀਮੈਂਟਰੀ ਸਿਖਿਆ, ਸਮੂਹ ਪ੍ਰਿੰਸੀਪਲ ਜ਼ਿਲ੍ਹਾ ਸਿਖਿਆ ਸਿਖਲਾਈ ਸੰਸਥਾਵਾਂ, ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰਾਂ, ਜ਼ਿਲ੍ਹਾ ਕੋਆਰਡੀਨੇਟਰਾਂ, ਬਲਾਕ ਮਾਸਟਰ ਟਰੇਨਰਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਸਿਖਿਆ ਮੰਤਰੀ ਨੇ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰੋਗਰਾਮ ਨਾਲ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਸਿਖਣ ਪੱਧਰ ਵਿਚ ਆਏ ਸੁਧਾਰਾਂ ਲਈ ਅਧਿਆਪਕਾਂ, ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਟੀਮ ਦੀ ਮਿਹਨਤ, ਜ਼ਿਲ੍ਹਾ ਸਿਖਿਆ ਅਧਿਕਾਰੀਆਂ ਦੀ ਨਜ਼ਰਸਾਨੀ ਅਤੇ ਮੁੱਖ ਦਫ਼ਤਰ ਦੀ ਯੋਜਨਾਬੰਦੀ ਲਈ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਵੀ ਵਧੀਆ ਕਾਰਗੁਜ਼ਾਰੀ ਵਿਖਾਉਣ ਲਈ ਥਾਪੜਾ ਵੀ ਦਿਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਸਿਖਿਆ ਨੂੰ ਪ੍ਰਫ਼ੁਲਿਤ ਕਰਨ ਲਈ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਜਾ ਰਹੀ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 21000 ਕਲਾਸਰੂਮ ਸਮਾਰਟ ਕਲਾਸਰੂਮ ਬਣਾਏ ਜਾ ਰਹੇ ਹਨ। ਵਿਭਾਗ ਵਲੋਂ ਪਹਿਲੀ ਤੋਂ ਦਸਵੀਂ ਤਕ ਦੇ ਪਾਠਕ੍ਰਮ ਨੂੰ ਈ-ਕੰਟੈਂਟ ਰਾਹੀਂ ਪੜ੍ਹਾਏ ਜਾਣ ਦੀ ਤਿਆਰੀ ਹੋ ਚੁੱਕੀ ਹੈ। ਉਨ੍ਹਾਂ ਸਮੂਹ ਸਿਖਿਆ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਾਲ ਸਲਾਨਾ ਇਮਤਿਹਾਨਾਂ ਵਿਚ ਨਕਲ ਨੂੰ ਨਕੇਲ ਪਾਉਣ ਲਈ ਵਿਸ਼ੇਸ਼ ਯੋਜਨਾਬੰਧੀ ਕੀਤੀ ਗਈ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਇਸ ਸਾਲ ਸਰਕਾਰੀ ਸਕੂਲਾਂ ਦੇ ਅਧਿਆਪਕ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਵਾਧੂ ਜਮਾਤਾਂ ਲਾ ਕੇ ਪੜ੍ਹਾ ਰਹੇ ਹਨ ਜਿਸ ਤੋਂ ਸਪੱਸ਼ਟ ਹੈ

ਕਿ ਸਰਕਾਰੀ ਸਕੂਲਾਂ ਦੇ ਨਤੀਜੇ ਇਸ ਵਾਰ ਪਹਿਲਾਂ ਨਾਲੋਂ ਬਿਹਤਰ ਆਉਣਗੇ। ਉਨ੍ਹਾਂ ਸਮੂਹ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਟੀਮ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਸਿਖਣ ਪੱਧਰਾਂ ਦੀ ਜਾਂਚ ਕਰਨ ਸਮੇਂ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਾਰੇ ਬੱਚੇ ਅਗਲੀ ਜਮਾਤ ਵਿਚ ਪ੍ਰਮੋਟ ਕੀਤੇ ਜਾਂਦੇ ਹਨ ਜਿਸ ਨਾਲ ਅਧਿਆਪਕਾਂ ਦਾ ਨਤੀਜਾ ਸੌ ਫ਼ੀ ਸਦੀ ਬਣ ਜਾਂਦਾ ਹੈ ਪਰ ਬੱਚਿਆਂ ਦੀ ਜਾਂਚ ਕਰ ਕੇ ਉਨ੍ਹਾਂ ਦੇ ਸਿਖਣ ਪੱਧਰਾਂ ਦਾ ਪਤਾ ਲਾਉਣ ਨਾਲ ਪੰਜਾਬ ਦੀ ਸਿੱਖਿਆ ਦਾ ਪੱਧਰ ਵੀ ਪਤਾ ਚੱਲੇਗਾ।

ਸਰਕਾਰੀ ਸਕੂਲਾਂ ਵਿਚ ਅਧਿਆਪਕ ਮਿਹਨਤੀ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਜਾਂਚ ਦਾ ਵੀ ਡਰ ਨਹੀਂ ਹੁੰਦਾ। ਵਿਦਿਆਰਥੀ ਬਹੁਤ ਹੀ ਵਧੀਆ ਪੜ੍ਹਦੇ ਅਤੇ ਲਿਖਦੇ ਹਨ। ਸਿਖਿਆ ਮੰਤਰੀ ਓ.ਪੀ. ਸੋਨੀ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਅਸਰ ਸਰਵੇ ਦੀ ਰਾਸ਼ਟਰੀ ਪੱਧਰ ਦੀ ਰੀਪੋਰਟ ਵਿਚ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ ਪ੍ਰਸ਼ੰਸਾਯੋਗ ਆਈ ਹੈ। ਇਸ ਤੋਂ ਇਲਾਵਾ ਬਾਹਰਲੇ ਰਾਜਾਂ ਤੋਂ ਵੀ ਪੰਜਾਬ ਵਿਚ ਚਲ ਰਹੇ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰਾਜੈਕਟ ਦੀ ਸਮੀਖਿਆ ਕਰਨ ਲਈ ਵਫਦ ਆ ਰਹੇ ਹਨ।

ਇਸ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਟ ਪ੍ਰਿੰਸੀਪਲ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਪਣੇ-ਅਪਣੇ ਇਲਾਕੇ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਸਿੱਖਣ-ਪੱਧਰਾਂ ਦੀ ਜਾਂਚ ਯਕੀਨੀ ਬਣਾਉਣ। ਅਧਿਆਪਕਾਂ ਨੇ ਅਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਵੀ ਹੁੰਦਾ ਹੈ ਅਤੇ ਉਸ ਦੇ ਸਿੱਖੇ ਨੂੰ ਜਾਣਨਾ ਵੀ ਹੁੰਦਾ ਹੈ ਤਾਂ ਜੋ ਉਹ ਸਮਝ ਸਕੇ ਕਿ ਹੁਣ ਵਿਦਿਆਰਥੀ ਨੂੰ ਕਿਸ ਤਕਨੀਕ ਨਾਲ ਪੜ੍ਹਾਉਣ ਹੈ।

ਇਸ ਲਈ ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵਲੋਂ ਨਿਯਮਾਂ ਅਨੁਸਾਰ ਪੰਜਾਬ ਦੇ ਸਮੂਹ ਅਧਿਆਪਕਾਂ ਦੀਆਂ ਸਿਖਲਾਈ ਵਰਕਸ਼ਾਪਾਂ ਲਾ ਕੇ ਹਜ਼ਾਰਾਂ ਅਧਿਆਪਕਾਂ ਨੂੰ ਸਿਖਲਾਈ ਦਿਤੀ ਗਈ ਜਿਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਾਇਮਰੀ ਜਮਾਤਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮੁਲੰਕਣ ਲਈ ਸਾਰੇ ਪੰਜਾਬ ਦੇ ਸਕੂਲਾਂ ਵਿਚ 22 ਫਰਵਰੀ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਪਹੁੰਚੇ ਅਧਿਆਪਕਾਂ ਨੂੰ ਸਟੇਟ ਰਿਸੋਰਸ ਪਰਸਨਾਂ ਨੇ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਅੰਤਿਮ ਜਾਂਚ ਲਈ ਸਿਖਲਾਈ ਦਿਤੀ। ਇਸ ਮੌਕੇ ਮੁਹੰਮਦ ਤਾਇਅਬ ਡਾਇਰੈਕਟਰ ਜਨਰਲ ਸਕੂਲ ਸਿਖਿਆ ਪੰਜਾਬ, ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ, ਸੁਖਜੀਤਪਾਲ ਸਿੰਘ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ, ਸੰਜੀਵ ਸ਼ਰਮਾ ਓਐੱਸਡੀ, ਸਮੂਹ ਡਿਪਟੀ ਡਾਇਰੈਕਟਰ ਤੇ ਸਹਾਇਕ ਡਾਇਰੈਕਟਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ ਪੰਜਾਬ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਵੀ ਹਾਜ਼ਰ ਸਨ।