ਹਾਈ ਕੋਰਟ ਵਲੋਂ ਸੁਖਬੀਰ ਤੇ ਮਜੀਠੀਆ ਨੂੰ ਪੇਸ਼ ਹੋਣ ਦਾ ਨੋਟਿਸ
ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਹਿਤ ਗਠਤ ਕਮਿਸ਼ਨ ਦੇ ਮੁਖੀ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਵਿਰੁਧ ਅਪਸ਼ਬਦ ਬੋਲਣ ਦੇ ਮਾਮਲੇ 'ਚ ਹਾਈ ਕੋਰਟ ਨੇ ਅਜ
ਚੰਡੀਗੜ੍ਹ, (ਨੀਲ ਭਲਿੰਦਰ ਸਿੰਘ) : ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਹਿਤ ਗਠਤ ਕਮਿਸ਼ਨ ਦੇ ਮੁਖੀ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਵਿਰੁਧ ਅਪਸ਼ਬਦ ਬੋਲਣ ਦੇ ਮਾਮਲੇ 'ਚ ਹਾਈ ਕੋਰਟ ਨੇ ਅਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਨੋਟਿਸ ਜਾਰੀ ਕਰ ਦਿਤਾ ਹੈ। ਜਸਟਿਸ ਰਣਜੀਤ ਸਿੰਘ ਵਲੋਂ ਦੋਵਾਂ ਆਗੂਆਂ ਵਿਰੁਧ ਅਪਰਾਧਕ ਕੇਸ ਦਰਜ ਕਰਨ ਦੀ ਮੰਗ ਤਹਿਤ ਦਾਇਰ ਪਟੀਸ਼ਨ ਉਤੇ ਹਾਈ ਕੋਰਟ ਦੇ ਜਸਟਿਸ ਅਮਿਤ ਰਾਵਲ ਦੇ ਬੈਂਚ ਨੇ ਧਾਰਾ 10ਏ ਤਹਿਤ ਦੋਵਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਕੋਰਟ ਨੇ ਦੋਵਾਂ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਦੇ ਜੱਜ ਇਸ ਤੋਂ ਪਹਿਲਾਂ ਰਣਜੀਤ ਸਿੰਘ ਵਲੋਂ ਦਿਤੇ ਸਬੂਤਾਂ ਦੀ ਘੋਖ ਵੀ ਕਰ ਚੁੱਕੇ ਹਨ। ਪੜਤਾਲ ਮਗਰੋਂ ਹੀ ਉਨ੍ਹਾਂ ਦੋਵਾਂ ਅਕਾਲੀ ਆਗੂਆਂ ਨੂੰ ਪੇਸ਼ ਹੋਣ ਕੇ ਅਪਣਾ ਪੱਖ ਦੱਸਣ ਲਈ ਕਿਹਾ ਹੈ। ਦੋਵਾਂ ਉਤੇ ਬੀਤੇ ਅਗੱਸਤ ਮਹੀਨੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਉਕਤ ਕਮਿਸ਼ਨ ਦੀ ਰੀਪੋਰਟ ਉਤੇ ਸਦੇ ਗਏ ਵਿਸ਼ੇਸ਼ ਸੈਸ਼ਨ ਦੌਰਾਨ ਰੀਪੋਰਟ ਦੀ ਨਿਲਾਮੀ ਲਗਾਉਣ ਅਤੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਜੱਜ ਬਾਰੇ ਅਪਸ਼ਬਦ ਬੋਲਣ ਦੇ ਦੋਸ਼ ਹਨ।