ਇਕ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ ਵਿਰੁਧ ਸੈਂਕੜੇ ਕਸ਼ਮੀਰੀਆਂ ਨੇ ਘਰ ਜਾਣ ਦਾ ਲਿਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਲੜੂ ਨੇੜੇ ਯੂਨੀਵਰਸਲ ਇੰਜੀਨੀਅਰਿੰਗ ਕਾਲਜ ਵਿਚ ਸੋਸ਼ਲ ਮੀਡੀਆ 'ਤੇ ਇਤਰਾਜਯੋਗ ਪੋਸਟ ਨੂੰ ਲੈ ਕੇ ਹੋਸਟਲ ਦੇ ਇਕ ਕਸ਼ਮੀਰੀ ਵਿਦਿਆਰਥੀ ਦੀ ਮਾਰ-ਕੁਟਾਈ ਕਰ ਦਿਤੀ ਗਈ

Hundreds of Kashmiris have decided go home

ਲਾਲੜੂ : ਲਾਲੜੂ ਨੇੜੇ ਯੂਨੀਵਰਸਲ ਇੰਜੀਨੀਅਰਿੰਗ ਕਾਲਜ ਵਿਚ ਸੋਸ਼ਲ ਮੀਡੀਆ 'ਤੇ ਇਤਰਾਜਯੋਗ ਪੋਸਟ ਨੂੰ ਲੈ ਕੇ ਹੋਸਟਲ ਦੇ ਇਕ ਕਸ਼ਮੀਰੀ ਵਿਦਿਆਰਥੀ ਦੀ ਮਾਰ-ਕੁਟਾਈ ਕਰ ਦਿਤੀ ਗਈ, ਜਦਕਿ ਬਾਹਰ ਪਿੰਡ ਬੱਲੋਪੁਰ ਵਿਚ ਰਹਿਣ ਵਾਲੇ ਕਸ਼ਮੀਰੀ ਵਿਦਿਆਰਥੀਆਂ ਨੇ ਵੀ ਉਨ੍ਹਾਂ ਨੂੰ ਧਮਕਾਉਣ ਦਾ ਦੋਸ਼ ਲਾਇਆ। ਇਸ ਨਾਲ ਸੈਂਕੜੇ ਵਿਦਿਆਰਥੀਆਂ ਨੇ ਕਾਲਜ ਤੋਂ ਅਪਣੇ ਘਰ ਵਾਪਸ ਜਾਣ ਦਾ ਫ਼ੈਸਲਾ ਕਰਕੇ ਅਪਣਾ ਸਮਾਨ ਬੰਨ ਲਿਆ।

ਐਨ ਮੌਕੇ 'ਤੇ ਐਸ.ਡੀ.ਐਮ, ਡੀ.ਐਸ.ਪੀ, ਤਹਿਸੀਲਦਾਰ, ਪੁਲਿਸ ਅਤੇ ਕਾਲਜ ਪ੍ਰਬੰਧਕਾਂ ਦੇ ਸਮਝਾਉਣ 'ਤੇ ਜ਼ਿਆਦਾਤਰ ਵਿਦਿਆਰਥੀਆਂ ਨੇ ਅਪਣਾ ਫ਼ੈਸਲਾ ਇਕ ਰਾਤ ਲਈ ਰਾਖਵਾਂ ਰੱਖ ਲਿਆ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਭੇਜਣ ਲਈ ਸੁਰੱਖਿਆ ਸਮੇਤ ਟਰਾਂਸਪੋਰਟ ਵਾਹਨਾਂ ਦੇ ਇੰਤਜਾਮ ਵਿਚ ਜੁੱਟ ਗਿਆ। ਜਾਣਕਾਰੀ ਅਨੁਸਾਰ ਕਿਸੇ ਵਿਦਿਆਰਥੀ ਨੇ ਭਾਰਤੀ ਫ਼ੌਜ ਸਮੇਤ ਦੇਸ਼ ਵਿਰੁਧ ਕਥਿਤ ਤੌਰ 'ਤੇ ਇਕ ਪੋਸਟ ਸੋਸ਼ਲ ਮੀਡੀਆ 'ਤੇ ਪਾ ਦਿਤੀ ਸੀ।  ਇਸ ਪੋਸਟ 'ਤੇ ਲਾਈਕ ਕਰਨ ਵਾਲਿਆਂ ਵਿਚ ਕੁੱਝ ਵਿਦਿਆਰਥੀ ਯੂਨੀਵਰਸਲ ਕਾਲਜ ਦੇ ਕਸ਼ਮੀਰੀ ਦੱਸੇ ਗਏ ਹਨ।

ਇਸ ਦਾ ਪਤਾ ਲੱਗਣ 'ਤੇ ਕਾਲਜ ਵਿਚ ਪੜ੍ਹ ਰਹੇ ਗ਼ੈਰ ਕਸ਼ਮੀਰੀ ਵਿਦਿਆਰਥੀਆਂ ਨੇ ਇਤਰਾਜ ਜਤਾਇਆ। ਉਨ੍ਹਾਂ ਨੂੰ ਪੋਸਟ ਪਾਉਣ ਵਾਲਾ ਤਾਂ ਨਹੀਂ ਮਿਲਿਆ ਪ੍ਰੰਤੂ ਪੋਸਟ ਨੂੰ ਲਾਈਕ ਕਰਨ ਦਾ ਦੋਸ਼ ਲਾਉਂਦਿਆਂ ਹੋਸਟਲ ਵਿਚ ਰਹਿ ਰਹੇ ਇਕ ਵਿਦਿਆਰਥੀ ਦੀ ਮਾਰ ਕੁਟਾਈ ਕਰ ਦਿਤੀ। ਤਹਿਸੀਲਦਾਰ ਨਵਪ੍ਰੀਤ ਸਿੰਘ ਗਿੱਲ, ਥਾਣਾ ਮੁਖੀ ਲਾਲੜੂ ਇੰਸਪੈਕਟਰ ਗੁਰਚਰਨ ਸਿੰਘ ਅਤੇ ਡੇਰਾਬੱਸੀ ਦੀ ਐਸ.ਡੀ.ਐਮ ਪੂਜਾ ਸਿਆਲ ਗਰੇਵਾਲ ਵੀ ਮੌਕੇ 'ਤੇ ਪੁੱਜ ਗਏ।

ਕਰੀਬ ਇਕ ਘੰਟੇ ਤਕ ਵਿਦਿਆਰਥੀਆਂ ਨੂੰ ਸਮਝਾਇਆ ਕਿ ਮੌਸਮ ਖ਼ਰਾਬ ਹੈ ਅਤੇ ਰਾਤ ਸਮੇਂ ਵਿਚ ਵਿਦਿਆਰਥੀਆਂ ਨੂੰ ਪੰਜਾਬ ਛੱਡਣ ਦੀ ਇਜਾਜਤ ਨਹੀਂ ਦਿਤੀ ਜਾਵੇਗੀ। ਵਿਦਿਆਰਥੀਆਂ ਨੂੰ ਘਰ ਭੇਜਣ ਲਈ ਪੁਲਿਸ ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ ਕਾਲਜ ਪ੍ਰਬੰਧਕਾਂ ਵਲੋਂ ਵੀ ਕਰਮਚਾਰੀ ਨਾਲ ਜਾਣਗੇ।