ਜਲਿਆਂਵਾਲਾ ਬਾਗ਼ ਦੇ ਸਾਕੇ ਸਬੰਧੀ ਮਤਾ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬ੍ਰਿਟਿਸ਼ ਸਰਕਾਰ ਮੁਆਫ਼ੀ ਮੰਗੇ, ਮਤਾ ਕੇਂਦਰ ਸਰਕਾਰ ਨੂੰ ਭੇਜਿਆ

Brahm Mohindra

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਨੇ ਅੱਜ ਇਕ ਸਰਕਾਰੀ ਮਤਾ ਸਰਬ ਸੰਮਤੀ ਨਾਲ ਪਾਸ ਕਰ ਕੇ, ਕੇਂਦਰ ਸਰਕਾਰ ਨੂੰ ਭੇਜ ਦਿਤਾ, ਜਿਸ 'ਚ ਸਾਲ 1919 ਦੀ ਵਿਸਾਖੀ, ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ਼ 'ਚ 379 ਲੋਕਾਂ ਦੇ ਮਾਰੇ ਜਾਣ, 1200 ਤੋਂ ਵੱਧ ਜ਼ਖ਼ਮੀ ਕਰਨ ਦੀ ਮਾਫ਼ੀ ਮੰਗਣ ਬਾਰੇ, ਬਰਤਾਨੀਆ ਸਰਕਾਰ ਨੂੰ ਲਿਖਣਾ ਹੈ। ਮਤਾ ਪੇਸ਼ ਕਰਦਿਆਂ, ਸੰਸਦੀ ਮਾਮਲੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਨਰਲ ਡਾਇਰ ਦੇ ਫ਼ੌਜੀਆਂ ਨੇ 1650 ਰੌਂਦ ਚਲਾ ਕੇ ਸ਼ਾਂਤਮਈ ਲੋਕਾਂ 'ਤੇ ਕਹਿਰ ਕੀਤਾ ਸੀ ਅਤੇ ਇਸ ਵਰ੍ਹੇ, ਇਸ ਖੂਨੀ ਸਾਕੇ ਨੂੰ 100 ਸਾਲ ਪੂਰੇ  ਚੁੱਕੇ ਹਨ, ਜਿਸ 'ਤੇ ਬਰਤਾਨੀਆ ਸਰਕਾਰ ਮਾਫ਼ੀ ਮੰਗੇ।

ਇਸ ਮਤੇ 'ਤੇ ਬੋਲਦਿਆਂ ਬਲਵਿੰਦਰ ਬੈਂਸ ਨੇ ਮੰਗ ਕੀਤੀ ਕਿ 4 ਸਾਲ ਪਹਿਲਾਂ ਹੋਈ ਬੇ-ਅਦਬੀ ਘਟਨਾ ਮੌਕੇ ਬਹਿਬਲ ਕਲਾਂ ਦੇ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਅਤੇ ਪੰਜਾਬ ਸਰਕਾਰ ਵੀ ਮਾਫ਼ੀ ਮੰਗੇ। ਇਸ ਮੌਕੇ ਮੈਂਬਰਾਂ ਨੇ ਕਿਹਾ ਜੇ ਕੈਨੇਡਾ ਸਰਕਾਰ ਕਾਮਾਗਾਟਾ ਮਾਰੂ ਘਟਨਾ 'ਤੇ ਉਥੋਂ ਦਾ ਮੌਜੂਦਾ ਪ੍ਰਧਾਨ ਮੰਤਰੀ ਟਰੂਡੋ ਮਾਫ਼ੀ ਮੰਗ ਸਕਦਾ ਹੈ ਤਾਂ ਇਸ ਵਕਤ ਦੀ ਬ੍ਰਿਟਿਸ਼ ਸਰਕਾਰ ਕਿਊਂ ਨਹੀਂ ਜਲਿਆਂਵਾਲਾ ਬਾਗ਼ ਸਾਕੇ ਦੀ ਮਾਫ਼ੀ ਮੰਗ ਸਕਦੀ ? ਇਸ ਮੌਕੇ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ ਪੰਜਾਬੀ ਯੂਨੀਵਰਸਟੀ ਅਤੇ ਅੰਮ੍ਰਿਤਸਰ ਯੂਨੀਵਰਸਟੀ 'ਚ ਇਕ ਚੇਅਰ ਸਥਾਪਤ ਕੀਤੀ ਜਾਵੇ, ਜਿਸ 'ਤੇ ਮੁੱਖ ਮੰਤਰੀ ਨੇ ਹਾਮੀ ਭਰ ਦਿਤੀ ਹੈ।