ਪਰਮਿੰਦਰ ਢੀਂਡਸਾ ਦੀ ਲਾਮਬੰਦੀ : ਕਿਹਾ, ਬਾਦਲਾਂ ਦੇ ਹੋਸ਼ ਟਿਕਾਣੇ ਲਿਆ ਦੇਵੇਗੀ ਸੰਗਰੂਰ ਰੈਲੀ!

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਸੁਖਬੀਰ ਬਾਦਲ ਦੀ ਮਾਨਸਿਕਤਾ ਤੇ ਭਾਵਨਾ ਅਕਾਲੀ ਦਲ ਵਾਲੀ ਨਹੀਂ ਰਹੀ

file photo

ਭਵਾਨੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ 2 ਫ਼ਰਵਰੀ ਨੂੰ ਸੰਗਰੂਰ ਵਿਖੇ ਰੈਲੀ ਕਰ ਕੇ ਢੀਂਡਸਾ ਪਰਵਾਰ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਸੀ। ਇਸ ਤੋਂ ਬਾਅਦ ਢੀਂਡਸਾ ਪਰਵਾਰ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾਉਣ ਦਾ ਖੇਡਿਆ ਗਿਆ ਦਾਅ ਆਉਂਦੇ ਦਿਨਾਂ ਦੌਰਾਨ ਪਾਰਟੀ ਦੀਆਂ ਮੁਸ਼ਕਲਾਂ ਵਧਾਉਂਦਾ ਨਜ਼ਰ ਆ ਰਿਹਾ ਹੈ। ਢੀਂਡਸਾ ਪਰਵਾਰ ਨੂੰ ਬਿਨਾਂ ਨੋਟਿਸ ਦਿਤੇ ਬਾਹਰ ਦਾ ਰਸਤਾ ਵਿਖਾ ਦੇਣ ਤੋਂ ਨਾਰਾਜ਼ ਅਕਾਲੀ ਆਗੂਆਂ ਦਾ ਢੀਂਡਸਾ ਪਰਵਾਰ ਦੇ ਪਾਲੇ 'ਚ ਜਾਣਾ ਵੀ ਜਾਰੀ ਹੈ।

ਉਧਰ ਢੀਂਡਸਾ ਪਰਵਾਰ ਨੇ ਵੀ ਅਕਾਲੀ ਦਲ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦੇਣ ਲਈ ਕਮਰਕੱਸੇ ਕਰ ਲਏ ਹਨ। ਢੀਂਡਸਾ ਪਰਵਾਰ ਨੇ ਵੀ ਸੰਗਰੂਰ ਵਿਖੇ 23 ਫ਼ਰਵਰੀ ਨੂੰ ਵੱਡਾ ਇਕੱਠ ਕਰ ਕੇ ਅਕਾਲੀ ਦਲ ਨੂੰ ਠੋਕਵਾਂ ਜਵਾਬ ਦੇਣ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸੇ ਰੈਲੀ ਨੂੰ ਸਫ਼ਲ ਬਣਾਉਣ ਖਾਤਰ ਪਰਮਿੰਦਰ ਢੀਂਡਸਾ ਨੇ ਸ਼ੁੱਕਰਵਾਰ ਨੂੰ ਭਵਾਨੀਗੜ੍ਹ ਦੀ ਨਵੀਂ ਅਨਾਜ ਮੰਡੀ ਵਿਖੇ ਪਹੁੰਚ ਕੇ ਅਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ।

ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੂਰੇ ਸਿਸਟਮ 'ਤੇ ਇਕ ਪਰਵਾਰ ਨੇ ਕਬਜ਼ਾ ਜਮਾਇਆ ਹੋਇਆ ਹੈ, ਜਿਸ ਦੀ ਦਰੁਸਤੀ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿੱਖ ਸੰਗਤ ਦੀ ਚੜ੍ਹਦੀ ਕਲਾਂ ਲਈ ਪੰਥਕ ਸੇਵਾ-ਭਾਵਨਾ ਵਾਲੇ ਆਗੂਆਂ ਨੂੰ ਅੱਗੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ 23 ਫ਼ਰਵਰੀ ਦੀ ਸੰਗਰੂਰ ਰੈਲੀ ਇਤਿਹਾਸਕ ਹੋਵੇਗੀ, ਜਿਸ ਤੋਂ ਬਾਅਦ ਬਾਦਲਾਂ ਦਾ ਹੋਸ਼ ਟਿਕਾਣੇ ਆ ਜਾਵੇਗੀ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਨੂੰ ਤਾਨਾਸ਼ਾਹੀ ਢੰਗ-ਤਰੀਕਿਆਂ ਨਾਲ ਚਲਾ ਰਹੇ ਹਨ, ਜਿਸ ਤੋਂ ਬਹੁਤੇ ਆਗੂ ਦੁਖੀ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਫ਼ੈਸਲਿਆਂ ਕਾਰਨ ਆਮ ਵਰਕਰ ਘੁਟਣ ਮਹਿਸੂਸ ਕਰ ਰਹੇ ਹਨ। ਇਹੀ ਕਾਰਨ ਹੈ ਕਿ ਆਏ ਦਿਨ ਪਾਰਟੀ ਵਰਕਰਾਂ ਦੇ ਅਸਤੀਫ਼ੇ ਦੇਣ ਕਾਰਨ ਅਕਾਲੀ ਦਲ ਹੁਣ ਖਾਲੀ ਦਲ ਬਣਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ 2 ਫ਼ਰਵਰੀ ਨੂੰ ਸਰਕਾਰ ਦੀਆਂ ਜ਼ਿਆਦਤੀ ਖਿਲਾਫ਼ ਰੈਲੀ ਦੇ ਨਾਮ 'ਤੇ ਪੰਜਾਬ ਭਰ ਵਿਚੋਂ ਲੋਕਾਂ ਦਾ ਇਕੱਠ ਕਰ ਕੇ ਐਨ ਮੌਕੇ 'ਤੇ ਇਸ ਨੂੰ ਢੀਂਡਸਾ ਪਰਵਾਰ ਨੂੰ ਨੀਵਾਂ ਦਿਖਾਉਣ ਲਈ ਵਰਤਿਆ ਸੀ।  ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਇਹ ਸਾਜ਼ਿਸ਼ ਵੀ ਪੂਰੀ ਤਰ੍ਹਾਂ ਫ਼ੇਲ੍ਹ ਰਹੀ ਹੈ। ਉਨ੍ਹਾਂ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਮਾਨਸਿਕਤਾ ਤੇ ਭਾਵਨਾ ਹੁਣ ਅਕਾਲੀ ਦਲ ਵਾਲੀ ਨਹੀਂ ਰਹੀ।

ਸੁਖਬੀਰ ਬਾਦਲ ਦੀ ਇਸੇ ਮਾਨਸਿਕਤਾ ਤੋਂ ਦੁਖੀ ਹੋ ਕੇ ਵੱਡੀ ਗਿਣਤੀ ਪੰਥਪ੍ਰਸਤ ਵਰਕਰ ਅਤੇ ਪੰਜਾਬ ਹਿਤੈਸ਼ੀ ਲੋਕ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 23 ਨੂੰ ਕੀਤੀ ਜਾ ਰਹੀ ਸੰਗਰੂਰ ਰੈਲੀ ਨੂੰ ਲੈ ਕੇ ਲੋਕਾਂ ਅੰਦਰ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਮੀਟਿੰਗ ਵਿਚ ਗੁਰਤੇਜ ਸਿੰਘ ਝਨੇਰੀ, ਸਰਬਜੀਤ ਸਿੰਘ ਟੋਨੀ, ਰਾਮ ਸਿੰਘ ਮੱਟਰਾਂ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਅਕਾਲੀ ਵਰਕਰ ਹਾਜ਼ਰ ਸਨ।