‘ਆਪ’ ਦੇ ਸੂਬਾ ਆਗੂ ਸੋਮਵਾਰ ਤੋਂ ਕਰਨਗੇ ਸਥਾਨਕ ਆਗੂਆਂ ਅਤੇ ਐਮਸੀ ਉਮੀਦਵਾਰਾਂ ਨਾਲ ਮੀਟਿੰਗਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣਾਂ ਦੀ ਸਮੀਖਿਆ ਕਰਦਿਆਂ 2022 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਚੁੱਕੇ ਜਾਣਗੇ ਕਦਮ

Harpal Singh Cheema

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਸਥਾਨਕ ਚੋਣਾਂ ਦੀ ਸਮੀਖਿਆ ਕਰਨ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸੋਮਵਾਰ ਤੋਂ ਸੂਬੇ ਦੇ ਚਾਰ ਜੋਨਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਪਾਰਟੀ ਹੈੱਡ ਕੁਆਟਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਨੇ ਕਿਹਾ ਕਿ ਸੋਮਵਾਰ ਤੋਂ ਸੂਬਾ ਅਹੁਦੇਦਾਰਾਂ ਵੱਲੋਂ ਪਾਰਟੀ ਦੇ ਸਥਾਨਕ ਆਗੂਆਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨਾਲ ਮੀਟਿੰਗਾਂ ਕਰਕੇ ਇਨ੍ਹਾਂ ਚੋਣਾਂ ਦੀ ਸਮੀਖਿਆ ਕੀਤੀ ਜਾਵੇਗੀ। ਪਾਰਟੀ ਵੱਲੋਂ ਇਨ੍ਹਾਂ ਚੋਣਾਂ ਦੀ ਸਮੀਖਿਆ ਕਰਦੇ ਹੋਏ ਆਉਣ ਵਾਲੀਆਂ 2022 ਦੀਆਂ ਚੋਣਾਂ ਵਾਸਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾਣਗੇ।

ਇਨ੍ਹਾਂ ਮੀਟਿੰਗਾਂ ਵਿੱਚ ਸੂਬਾ ਪ੍ਰਧਾਨ ਭਗਵੰਤ ਮਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਵੱਲੋਂ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ ਜਾਵੇਗੀ।  ‘ਆਪ’ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਲੜੀਆਂ ਗਈਆਂ। ਇਨ੍ਹਾਂ ਚੋਣਾਂ ਵਿੱਚ ਸ਼ਹਿਰ ਵਾਸੀਆਂ ਨੇ ਵੱਡਾ ਹੁੰਗਾਰਾ ਦਿੱਤਾ ਹੈ। ਸ਼ਹਿਰ ਵਾਸੀਆਂ ਵੱਲੋਂ ਮਿਲੇ ਚੰਗੇ ਹੁੰਗਾਰੇ ਤੋਂ ਬਾਅਦ ਪਾਰਟੀ ਨੂੰ ਸ਼ਹਿਰੀ ਖੇਤਰ ਵਿਚ ਮਜ਼ਬੂਤ ਕਰਨ ਲਈ ਹੋਰ ਕਦਮ ਚੁੱਕੇ ਜਾਣਗੇ। ਇਸ ਲਈ ਪਾਰਟੀ ਵੱਲੋਂ ਸੋਮਵਾਰ ਤੋਂ ਹੀ ਜੋਨ ਵਾਈਜ਼ ਮੀਟਿੰਗਾਂ ਕੀਤੀਆਂ ਜਾਣਗੀਆਂ। 

ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕੰਮ ਕਰਨ ਵਾਲੇ ਆਗੂਆਂ ਅਤੇ ਐਮਸੀ ਦੇ ਉਮੀਦਵਾਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਕਿ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਸਰਕਾਰੀ ਤੰਤਰ ਦੀ ਸਹਿ ਉੱਤੇ ਕੀਤੀ ਗਈ ਗੁੰਡਾਗਰਦੀ ਦੇ ਬਾਵਜੂਦ ਉਨ੍ਹਾਂ ਜਿਸ ਤਰ੍ਹਾਂ ਮੁਕਾਬਲਾ ਕੀਤਾ ਹੈ ਉਹ ਸ਼ਲਾਘਾਯੋਗ ਹੈ। ਸਥਾਨਕ ਆਗੂਆਂ ਨੂੰ ਇਕ ਵਧੀਆ ਪੰਜਾਬ ਬਣਾਉਣ ਲਈ ਅੱਗੇ ਤੋਂ ਹੋਰ ਤਾਕਤ ਨਾਲ ਕੰਮ ਕਰਨ ਲਈ ਪ੍ਰੇਰਿਆ ਜਾਵੇਗਾ। ‘ਆਪ’ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ਤੋਂ ਪੰਜਾਬ ਵਿੱਚ ਤਬਦੀਲੀ ਲਿਆਉਣ ਦੀ ਉਮੀਦ ਹੈ।

ਪੰਜਾਬ ਦੀ ਸੱਤਾ ਵਿਚ ਰਹਿੰਦੇ ਹੋਏ ਰਿਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਰਿਵਾਇਤੀ ਪਾਰਟੀਆਂ ਲੋਕਾਂ ਦੀ ਬਿਹਤਰ ਜ਼ਿੰਦਗੀ ਬਣਾਉਣ ਲਈ ਅਸਫਲ ਰਹੀਆਂ ਹਨ। ਪੰਜਾਬ ਦੇ ਲੋਕਾਂ ਨੂੰ ਮੁਢਲੀਆਂ ਲੋਕਾਂ ਪੀਣ ਵਾਲਾ ਸਾਫ ਪਾਣੀ, ਗਲੀਆਂ ਨਾਲੀਆਂ ਆਦਿ ਅਜੇ ਤੱਕ ਪ੍ਰਾਪਤ ਨਹੀਂ ਹੋ ਰਹੀਆਂ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਹੀ ਨਹੀਂ ਹੈ, ਉਹ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਬੈਠੇ ਆਰਾਮ ਕਰ ਰਹੇ ਹਨ, ਜਦੋਂ ਕਿ ਲੋਕਾਂ ਦੀ ਜਿਉਣਾ ਮੁਸ਼ਕਲ ਹੋਇਆ ਪਿਆ ਹੈ। ਪੰਜਾਬ ਵਿਚ ਚੱਲ ਰਿਹਾ ਤਰ੍ਹਾਂ ਤਰ੍ਹਾਂ ਦਾ ਮਾਫੀਆ ਪੰਜਾਬ ਦੀ ਸਪੰਤੀ ਲੁੱਟ ਰਿਹਾ ਹੈ। ਪੰਜਾਬ ਵਿੱਚ ਮਾਫੀਆ ਰਾਜ ਨੂੰ ਖਤਮ ਕਰਕੇ ਲੋਕਾਂ ਦੀ ਸਰਕਾਰ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ