ਵੈਨਕੂਵਰ, 20 ਫ਼ਰਵਰੀ (ਮਲਕੀਤ ਸਿੰਘ): ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਵਲੋਂ ਉਡੀਕ ਕੀਤੀ ਜਾ ਰਹੀ ਸੀ ਕਿ ਦੋਨਾਂ ਦੇਸ਼ਾਂ ਵਿਚਕਾਰਲੀ ਸਰਹੱਦ ਨੂੰ ਛੇਤੀ ਖੋਲ੍ਹ ਦਿਤਾ ਜਾਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਗ਼ੈਰ-ਜ਼ਰੂਰੀ ਯਾਤਰਾ ’ਤੇ ਲਾਈ ਪਾਬੰਦੀ ਹੋਰ ਅੱਗੇ ਵਧਾ ਕੇ 21 ਮਾਰਚ ਤਕ ਕਰ ਦਿਤੀ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਇਹ ਸਖ਼ਤ ਐਲਾਨ ਕੀਤਾ ਹੈ। ਦਰਅਸਲ ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਰੋਕਣ ਲਈ ਇਹ ਫ਼ੈਸਲਾ ਪਿਛਲੇ ਸਾਲ ਮਾਰਚ ਵਿਚ ਲਿਆ ਗਿਆ ਸੀ।
ਦੋਨਾਂ ਦੇਸ਼ਾਂ ਦੇ ਸਮਝੌਤੇ ਅਨੁਸਾਰ ਕੈਨੇਡਾ-ਅਮਰੀਕਾ ਜ਼ਮੀਨੀ ਸਰਹੱਦ ਰਾਹੀਂ ਗ਼ੈਰ-ਜ਼ਰੂਰੀ ਯਾਤਰਾ ’ਤੇ ਪਾਬੰਦੀ ਲਾਈ ਗਈ ਸੀ ਜਿਸ ਨੂੰ ਹੁਣ ਤਕ ਹਰ ਮਹੀਨੇ ਤੋਂ ਰੀਨਿਊ ਕੀਤਾ ਜਾ ਚੁੱਕਾ ਹੈ। ਸਰਹੱਦੀ ਪਾਬੰਦੀਆਂ ’ਤੇ ਮੌਜੂਦਾ ਸਮਝੌਤਾ 21 ਫ਼ਰਵਰੀ ਨੂੰ ਖ਼ਤਮ ਹੋਣ ਵਾਲਾ ਸੀ, ਜੋ ਹੁਣ 21 ਮਾਰਚ ਤਕ ਵਧਾ ਦਿਤਾ ਗਿਆ ਹੈ। ਹਾਲਾਂਕਿ, ਵਪਾਰਕ ਗਤੀਵਧੀਆਂ ਨੂੰ ਇਸ ਪਾਬੰਦੀ ਤੋਂ ਛੋਟ ਹੈ। ਪਾਬੰਦੀਆਂ ਤਹਿਤ ਸੈਲਾਨੀਆਂ ਅਤੇ ਸਰਹੱਦ ਪਾਰ ਦੀਆਂ ਯਾਤਰਾਵਾਂ ’ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਕੱੁਝ ਵਿਸ਼ੇਸ਼ ਪਰਵਾਰਕ ਮੈਂਬਰਾਂ ਅਤੇ ਅਜ਼ੀਜ਼ਾਂ ਨੂੰ ਛੋਟ ਦਿਤੀ ਗਈ ਹੈ ਜੋ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਕੈਨੇਡਾ ਹਮਦਰਦੀ ਦੇ ਆਧਾਰ ’ਤੇ ਆ ਸਕਦੇ ਹਨ।
ਟਰੂਡੋ ਸਰਕਾਰ ਨੇ ਪਾਬੰਦੀ 21 ਮਾਰਚ ਤਕ ਵਧਾਈ