ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਕਤਲ ਮਾਮਲੇ ਵਿਚ ਆਇਆ ਨਵਾਂ ਮੋੜ
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਕਤਲ ਮਾਮਲੇ ਵਿਚ ਆਇਆ ਨਵਾਂ ਮੋੜ
'ਬੰਬੀਹਾ ਗਰੁੱਪ' ਨੇ ਕਤਲ ਨੂੰ ਗ਼ਲਤ ਦਸਦਿਆਂ ਬਿਸ਼ਨੋਈ ਗਰੁੱਪ ਨੂੰ ਦਿਤੀ ਚੁਨੌਤੀ
ਕੋਟਕਪੂਰਾ, 20 ਫ਼ਰਵਰੀ (ਗੁਰਿੰਦਰ ਸਿੰਘ): ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੇ ਕਤਲ ਦਾ ਸੁਰਾਗ ਲਾਉਣ ਲਈ ਭਾਵੇਂ ਪੁਲਿਸ ਵਲੋਂ ਕਈ ਪਹਿਲੂਆਂ 'ਤੇ ਬੜੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਗੁਰਲਾਲ ਦੇ ਕਤਲ ਦੇ ਸਬੰਧ ਵਿਚ ਦੋ ਵੱਖ-ਵੱਖ ਗੈਂਗਸਟਰ ਗਰੁੱਪਾਂ ਵਲੋਂ ਸ਼ੋਸ਼ਲ ਮੀਡੀਏ ਰਾਹੀਂ ਪਾਈਆਂ ਜਾ ਰਹੀਆਂ ਪੋਸਟਾਂ ਨਾਲ ਕਤਲ ਕਾਂਡ ਵਿਚ ਨਵਾਂ ਮੌੜ ਆਉਣ ਦੀ ਸੰਭਾਵਨਾ ਹੈ |
ਹੁਣ ਕਿਉਂਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਗੁਰਲਾਲ ਭਲਵਾਨ ਉਪਰ ਉਨ੍ਹਾਂ ਦੇ ਗਰੁੱਪ ਦੇ ਇਕ ਨੌਜਵਾਨ ਗੁਰਲਾਲ ਬਰਾੜ ਦੇ ਕਤਲ ਦਾ ਦੋਸ਼ ਲਾਉਂਦਿਆਂ ਜ਼ਿੰਮੇਵਾਰੀ ਲੈਣ ਮੌਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈ ਲਿਆ ਹੈ ਪਰ ਹੁਣ 'ਦਵਿੰਦਰ ਬੰਬੀਹਾ' ਦੇ ਨਾਮ 'ਤੇ ਬਣੇ ਫ਼ੇਸਬੁੱਕ ਪੇਜ ਤੋਂ 'ਬਿਸ਼ਨੋਈ ਗਰੁੱਪ' ਨੂੰ ਚੁਨੌਤੀ ਦਿੰਦਿਆਂ ਇਕ ਪੋਸਟ ਪਾਈ ਗਈ ਹੈ ਕਿ ਗੁਰਲਾਲ ਬਰਾੜ ਦੇ ਕਤਲ ਨਾਲ ਗੁਰਲਾਲ ਭਲਵਾਨ ਦਾ ਕੋਈ ਸਬੰਧ ਨਹੀਂ ਸੀ ਅਤੇ ਨਾ ਹੀ ਉਸ ਨੇ ਕਦੇ ਸਾਡੇ ਗਰੁੱਪ ਦੀ ਮਦਦ ਕੀਤੀ ਹੈ |
ਜੇਕਰ ਉਹ ਇਸ ਨੂੰ ਕੰਮ ਖ਼ਤਮ ਹੋ ਗਿਆ ਮੰਨਦੇ ਹਨ ਤਾਂ ਉਨ੍ਹਾਂ ਦੀ ਇਸ ਵਿਚ ਬਹੁਤ ਵੱਡੀ ਗ਼ਲਤਫ਼ਹਿਮੀ ਹੈ ਕਿਉਂਕਿ ਗੁਰਲਾਲ ਬਰਾੜ ਦਾ ਕਤਲ ਤਾਂ ਲੱਕੀ ਜੈਤੋ, ਚਸਕਾ ਵੈਲੀ ਜੈਤੋ ਅਤੇ ਮਾਨ ਜੈਤੋ ਨੇ ਕੀਤਾ ਸੀ | ਪੋਸਟ ਮੁਤਾਬਕ ਗੁਰਲਾਲ ਬਰਾੜ ਦਾ ਬਦਲਾ ਨਹੀਂ ਲਿਆ ਗਿਆ ਤਾਂ ਗੁਰਲਾਲ ਭਲਵਾਨ ਅਤੇ ਰਾਣਾ ਮੁਕਤਸਰ ਨੂੰ ਮਾਰ ਕੇ ਬਦਲਾ ਲੈ ਲੈਣਾ ਕਹਿ ਦੇਣਾ ਬਿਲਕੁਲ ਨਾਜਾਇਜ਼ ਹੈ |
ਪੋਸਟ ਵਿਚ ਧਮਕੀ ਦਿਤੀ ਗਈ ਹੈ ਕਿ ਸਾਡੀਆਂ ਬੰਦੂਕਾਂ ਦੀਆਂ ਗੋਲੀਆਂ ਨਹੀਂ ਮੁੱਕੀਆਂ, ਬਸ ਅਸੀ ਨਾਜਾਇਜ਼ ਨਹੀਂ ਮਾਰਨਾ ਚਾਹੁੰਦੇ, ਬਾਕੀ ਤੁਸੀ ਭਾਜੀ ਚੜਾ ਦਿਤੀ ਹੈ, ਹੁਣ ਉਤਾਰਨ ਦੀ ਵਾਰੀ ਸਾਡੀ ਆ, ਬਹੁਤ ਜਲਦ ਉਤਾਰ ਦਿਆਂਗੇ | ਉਕਤ ਪੋਸਟ ਦੇ ਅਖ਼ੀਰ ਵਿਚ ਅੰਗਰੇਜ਼ੀ ਭਾਸ਼ਾ ਵਿਚ 'ਵੇਟ ਐਂਡ ਵਾਚ' ਲਿਖਿਆ ਗਿਆ ਹੈ |
ਉਕਤ ਮਾਮਲੇ ਵਿਚ ਸੇਵਾ ਸਿੰਘ ਮੱਲ੍ਹੀ ਐਸ.ਪੀ. ਫਰੀਦਕੋਟ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਉਕਤ ਫ਼ੇਸਬੁੱਕ ਪੇਜਾਂ ਨੂੰ ਬਰੀਕੀ ਨਾਲ ਘੋਖਿਆ ਜਾ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਦੀਆਂ ਵੱਖ-ਵੱਖ ਪਾਰਟੀਆਂ ਕਈ ਪਹਿਲੂਆਂ ਤੋਂ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਅਤੇ ਛੇਤੀ ਹੀ ਇਸ ਮਾਮਲੇ ਦੀ ਤਹਿ ਤਕ ਜਾਣ ਵਿਚ ਕਾਮਯਾਬੀ ਜ਼ਰੂਰ ਮਿਲੇਗੀ |
ਫੋਟੋ :- ਕੇ.ਕੇ.ਪੀ.-ਗੁਰਿੰਦਰ-20-5ਈ