ਬਟਾਲਾ ਤੋਂ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਸਮੇਤ 20 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਰਾਬ ਠੇਕੇਦਾਰਾਂ ਦੀ ਗੱਡੀ 'ਤੇ ਹਮਲਾ ਕਰਨ ਅਤੇ  ਭੰਨਤੋੜ ਕਰਨ ਦੇ ਲੱਗੇ ਇਲਜ਼ਾਮ

Ashwani Sekhdi

ਕੁੱਟਮਾਰ ਅਤੇ ਭੰਨਤੋੜ ਦੀ ਘਟਨਾ CCTV ਵਿੱਚ ਹੋਈ ਕੈਦ 

ਬਟਾਲਾ : ਸਥਾਨਕ ਪੁਲਿਸ ਨੇ ਕਾਂਗਰਸ ਅਤੇ ਸ਼ਰਾਬ ਠੇਕੇਦਾਰ ਵਿਚਾਲੇ ਹੋਈ ਲੜਾਈ ਵਿੱਚ ਚੋਣ ਕਮਿਸ਼ਨ ਦੀ ਦਖਲਅੰਦਾਜ਼ੀ 'ਤੇ ਸਾਬਕਾ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਅਤੇ ਕਰੀਬ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਸ਼ਰਾਬ ਕਾਰੋਬਾਰੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਪਰ ਅੰਮ੍ਰਿਤਸਰ ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਇਹ ਘਟਨਾ 18 ਫਰਵਰੀ  ਰਾਤ ਦੀ ਹੈ। ਦੱਸ ਦੇਈਏ ਕਿ ਰਾਤ 11 ਵਜੇ ਸਾਬਕਾ ਮੰਤਰੀ ਦੀ ਰਿਹਾਇਸ਼ ਨੇੜੇ ਸ਼ਰਾਬ ਦੇ ਠੇਕੇਦਾਰ ਦੀ ਕਾਰ ਖੜ੍ਹੀ ਸੀ। ਜਦੋਂ ਸੇਖੜੀ ਦੇ ਸਮਰਥਕ ਉਸ ਕਾਰ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਇੱਟਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ।

ਪਹਿਲਾਂ ਕਾਰ ਦੀ ਭੰਨਤੋੜ ਕੀਤੀ ਗਈ ਅਤੇ ਫਿਰ ਹੱਥੋਪਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ। ਘਟਨਾ ਸਮੇਂ ਕਿਸੇ ਅਣਪਛਾਤੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਪਹਿਲਾਂ ਤਾਂ ਪੁਲਿਸ ਕੇਸ ਦਰਜ ਕਰਨ ਤੋਂ ਝਿਜਕ ਰਹੀ ਸੀ ਪਰ ਚੋਣ ਕਮਿਸ਼ਨ ਦੇ ਕਹਿਣ ’ਤੇ ਕੇਸ ਦਰਜ ਕਰ ਲਿਆ ਗਿਆ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਿਕਾਇਤਕਰਤਾ ਕੁਝ ਸਮਾਂ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ।ਪੁਲਿਸ ਨੇ ਸ਼ਿਕਾਇਤਕਰਤਾ ਦੇ ਕਹਿਣ ’ਤੇ ਕੇਸ ਦਰਜ ਨਹੀਂ ਕੀਤਾ। ਫਿਰ ਇਸ ਦੀ ਸ਼ਿਕਾਇਤ ਜ਼ਿਲ੍ਹੇ ਦੇ ਡੀਸੀ ਕਮ ਚੋਣ ਅਧਿਕਾਰੀ ਨੂੰ ਕੀਤੀ ਗਈ। ਡੀਸੀ ਮੁਹੰਮਦ ਇਕਬਾਲ ਦੇ ਦਖਲ ਤੋਂ ਬਾਅਦ ਪੁਲਿਸ ਨੇ ਅਸ਼ਵਨੀ ਸੇਖੜੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।