ਮੌਸਮ ਦਾ ਬਦਲੇਗਾ ਮਿਜ਼ਾਜ, ਪੰਜਾਬ ਸਮੇਤ ਇਹਨਾਂ ਸੂਬਿਆਂ ਵਿਚ ਪਵੇਗਾ ਮੀਂਹ
ਪੱਛਮੀ ਗੜਬੜੀ ਅਤੇ ਇਸ ਨਾਲ ਬਣੀ ਚੱਕਰਵਾਤੀ ਹਵਾ ਕਾਰਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਇਨ੍ਹੀਂ ਦਿਨੀਂ ਮੌਸਮ ਸਾਫ਼ ਹੈ। ਦਿਨ ਵੇਲੇ ਕੜਕਦੀ ਧੁੱਪ ਕਾਰਨ ਲੋਕਾਂ ਨੂੰ ਠੰਢ ਤੋਂ ਵੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ। ਅਗਲੇ ਕੁਝ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪੱਛਮੀ ਗੜਬੜੀ ਅਤੇ ਇਸ ਨਾਲ ਬਣੀ ਚੱਕਰਵਾਤੀ ਹਵਾ ਕਾਰਨ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰੀ ਰਾਜਸਥਾਨ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਆਈਐਮਡੀ ਦੇ ਅਨੁਸਾਰ 22 ਅਤੇ 23 ਫਰਵਰੀ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।22 ਫਰਵਰੀ ਨੂੰ ਇਸ ਖੇਤਰ (ਉੱਤਰੀ ਰਾਜਸਥਾਨ ਨੂੰ ਛੱਡ ਕੇ) ਵਿੱਚ ਤੇਜ਼ ਹਵਾਵਾਂ ਦੇ ਨਾਲ ਗਰਜ਼-ਤੂਫ਼ਾਨ ਆ ਸਕਦਾ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਦਿਨ ਵੇਲੇ ਥੋੜੀ ਗਰਮੀ ਰਹੀ ਅਤੇ ਅਸਮਾਨ ਸਾਫ਼ ਦਿਖਾਈ ਦੇ ਰਿਹਾ ਹੈ। ਸੋਮਵਾਰ ਸਵੇਰੇ 8 ਵਜੇ ਤੱਕ ਦਿੱਲੀ ਦਾ ਤਾਪਮਾਨ ਲਗਭਗ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨਾਂ ਨਾਲੋਂ ਥੋੜ੍ਹਾ ਗਰਮ ਹੈ। ਆਈਐਮਡੀ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਅਗਲੇ 5 ਦਿਨਾਂ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ।
ਇਸ ਦੇ ਨਾਲ ਹੀ ਦਿੱਲੀ 'ਚ ਐਤਵਾਰ ਸਵੇਰੇ ਮੌਸਮ ਸੁਹਾਵਣਾ ਰਿਹਾ ਅਤੇ ਘੱਟੋ-ਘੱਟ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਸ਼ਹਿਰ ਵਿੱਚ ਸਵੇਰੇ 8.30 ਵਜੇ 83 ਪ੍ਰਤੀਸ਼ਤ ਨਮੀ ਦਰਜ ਕੀਤੀ ਗਈ। ਮੌਸਮ ਵਿਗਿਆਨੀਆਂ ਨੇ ਦਿਨ ਦੇ ਦੌਰਾਨ ਮੁੱਖ ਤੌਰ 'ਤੇ ਆਸਮਾਨ ਸਾਫ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ।