ਨਿਵੇਸ਼ਕਾਂ ਨੂੰ ਜਲੰਧਰ ਤੇ ਸੰਗਰੂਰ 'ਚ ਲਿਆਏਗੀ ਸਰਕਾਰ, ਪੰਜਾਬ ਇਨਵੈਸਟਰਸ ਸੰਮੇਲਨ 'ਚ ਦੱਸੇਗੀ ਜ਼ਿਲ੍ਹਿਆਂ ਦੀ ਖੂਬੀ
ਪਹਿਲੇ ਪੜਾਅ ਵਿਚ ਨਮੂਨੇ ਵਜੋਂ ਇਨਵੈਸਟ ਪੰਜਾਬ ਵਿਚ ਜਲੰਧਰ ਅਤੇ ਸੰਗਰੂਰ ਜ਼ਿਲ੍ਹਿਆਂ ਨੂੰ ਪਹਿਲ ਦਿੱਤੀ ਗਈ ਹੈ।
ਚੰਡੀਗੜ੍ਹ - 23-24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਲਈ ਪੰਜਾਬ ਸਰਕਾਰ ਨੇ ਨਿਵੇਸ਼ ਦੀਆਂ ਨਵੀਆਂ ਸੰਭਾਵਨਾਵਾਂ ਵਾਲੇ ਜ਼ਿਲ੍ਹਿਆਂ ਦੀ ਸ਼ਨਾਖਤ ਕੀਤੀ ਹੈ। ਇਸ ਤਹਿਤ ਸਰਕਾਰ ਦਾ ਧਿਆਨ ਦੇਸ਼ ਦੇ ਸਭ ਤੋਂ ਵੱਡੇ ਸਪੋਰਟਸ ਹੱਬ ਜਲੰਧਰ ਅਤੇ ਸੰਗਰੂਰ ਜ਼ਿਲ੍ਹੇ 'ਤੇ ਹੋਵੇਗਾ। ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਨਿਵੇਸ਼ਕਾਂ ਦੀ ਕਾਨਫ਼ਰੰਸ ਵਿਚ ਪੰਜਾਬ ਦੀਆਂ ਖੂਬੀਆਂ ਨੂੰ ਨਿਵੇਸ਼ਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ ਨਮੂਨੇ ਵਜੋਂ ਇਨਵੈਸਟ ਪੰਜਾਬ ਵਿਚ ਜਲੰਧਰ ਅਤੇ ਸੰਗਰੂਰ ਜ਼ਿਲ੍ਹਿਆਂ ਨੂੰ ਪਹਿਲ ਦਿੱਤੀ ਗਈ ਹੈ।
ਧਿਆਨ ਰਹੇ ਕਿ ਪੂਰੇ ਦੇਸ਼ 'ਚ ਖੇਡਾਂ ਦੇ ਸਮਾਨ ਦੇ ਨਿਰਮਾਣ 'ਚ ਜਲੰਧਰ ਦੀ 75 ਫ਼ੀਸਦੀ ਹਿੱਸੇਦਾਰੀ ਹੈ। ਜਦੋਂਕਿ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ। ਬਿਊਰੋ ਆਫ਼ ਇਨਵੈਸਟ ਪੰਜਾਬ ਨੇ ਪੜਾਅਵਾਰ ਜ਼ਿਲ੍ਹਿਆਂ ਦੀ ਤਾਕਤ ਨੂੰ ਸਾਹਮਣੇ ਲਿਆਉਣ ਲਈ ਯੋਜਨਾ ਤਿਆਰ ਕੀਤੀ ਹੈ। ਫਿਲਹਾਲ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਨੂੰ ਫੋਕਸ ਜ਼ਿਲ੍ਹਿਆਂ ਵਜੋਂ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਵਿਚ ਪੰਜਾਬ ਵਿਚ ਅਜਿਹੀਆਂ ਨਿਵੇਸ਼ਕ ਕਾਨਫਰੰਸਾਂ ਕੀਤੀਆਂ ਜਾ ਚੁੱਕੀਆਂ ਹਨ। ਪਿਛਲੀਆਂ ਤਿੰਨ ਸਰਕਾਰਾਂ ਨੇ ਸਾਲ 2013, 2015, 2019 ਅਤੇ 2021 ਵਿਚ ਨਿਵੇਸ਼ ਸੰਮੇਲਨ ਕਰਵਾਏ ਸਨ, ਜਿਸ ਵਿਚ 523 ਕੰਪਨੀਆਂ ਦੇ ਸਮਝੌਤਿਆਂ ਤਹਿਤ 1.94 ਲੱਖ ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦਾ ਸਿਰਫ਼ 15 ਫ਼ੀਸਦੀ ਹੀ ਅਸਲ ਵਿਚ ਪੰਜਾਬ ਵਿਚ ਨਿਵੇਸ਼ ਕੀਤਾ ਜਾ ਸਕਿਆ ਸੀ।
ਇਨਵੈਸਟ ਪੰਜਾਬ ਦੇ ਸੀਈਓ ਕੇ ਕੇ ਯਾਦਵ ਦਾ ਕਹਿਣਾ ਹੈ ਕਿ ਪ੍ਰੋਗਰੈਸਿਵ ਪੰਜਾਬ ਸਮਿਟ ਨੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਜ਼ਿਲ੍ਹਿਆਂ ਦੀਆਂ ਯੋਗਤਾਵਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਇਹ ਸੰਮੇਲਨ ਇਤਿਹਾਸਕ ਹੋਣ ਜਾ ਰਿਹਾ ਹੈ। ਜਲੰਧਰ, ਜਿਸ ਨੂੰ ਪੰਜਾਬ ਦਾ ਗੇਟਵੇ ਵੀ ਕਿਹਾ ਜਾਂਦਾ ਹੈ, ਸੂਬੇ ਦਾ ਤੀਜਾ ਸਭ ਤੋਂ ਪ੍ਰਸਿੱਧ ਸ਼ਹਿਰ ਅਤੇ ਦੁਆਬਾ ਖੇਤਰ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਜ਼ਿਲ੍ਹਾ ਰੇਲ ਅਤੇ ਸੜਕ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਖੇਡਾਂ ਦਾ ਸਮਾਨ, ਹੱਥ ਅਤੇ ਮਸ਼ੀਨ ਟੂਲ ਅਤੇ ਚਮੜੇ ਦਾ ਸਮਾਨ ਇੱਥੇ ਬਣਾਇਆ ਜਾਂਦਾ ਹੈ। ਸੈਂਟਰ ਆਫ਼ ਐਕਸੀਲੈਂਸ ਵਜੋਂ, ਜਲੰਧਰ ਸਬਜ਼ੀਆਂ ਵਿੱਚ ਇਜ਼ਰਾਈਲ ਅਤੇ ਆਲੂ ਉਤਪਾਦਨ ਵਿੱਚ ਨੀਦਰਲੈਂਡ ਦਾ ਭਾਈਵਾਲ ਹੈ।
ਜਲੰਧਰ ਜ਼ਿਲ੍ਹੇ 'ਤੇ ਇਕ ਨਜ਼ਰ
- ਖੇਡਾਂ ਦੇ ਸਾਮਾਨ ਦੇ ਹੱਬ ਵਜੋਂ ਦੇਸ਼ ਵਿਚ 75 ਫ਼ੀਸਦੀ ਹਿੱਸੇਦਾਰੀ ਹੈ
- 2020-21 ਵਿਚ 500 ਕਰੋੜ ਰੁਪਏ ਦਾ ਨਿਰਯਾਤ
- ਖੇਡਾਂ ਦੇ ਸਮਾਨ ਉਦਯੋਗ ਵਿਚ 2000 ਕਰੋੜ ਤੋਂ ਵੱਧ ਦਾ ਮਾਲੀਆ
- ਦਿੱਲੀ ਤੋਂ ਦੂਰੀ- 391 ਕਿਲੋਮੀਟਰ, ਚੰਡੀਗੜ੍ਹ ਤੋਂ ਦੂਰੀ 141 ਕਿਲੋਮੀਟਰ
- ਹਵਾਈ ਅੱਡਾ - ਘਰੇਲੂ ਆਦਮਪੁਰ 25 ਕਿਲੋਮੀਟਰ, ਅੰਤਰਰਾਸ਼ਟਰੀ ਅੰਮ੍ਰਿਤਸਰ 75 ਕਿਲੋਮੀਟਰ
- ਖੇਡਾਂ ਲਈ ODOP ਯਾਨੀ ਇੱਕ ਜ਼ਿਲ੍ਹਾ ਇੱਕ ਉਤਪਾਦ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ
ਜਲੰਧਰ ਦੀ ਨਿਰਯਾਤ ਵਿਚ ਉਪਲੱਬਧੀ
ਟੋਕੀਓ ਓਲੰਪਿਕ 2020, ਫੀਫਾ ਵਿਸ਼ਵ ਕੱਪ 2014 (ਬ੍ਰਾਜ਼ੀਲ), ਰਾਸ਼ਟਰਮੰਡਲ ਖੇਡਾਂ ਆਸਟ੍ਰੇਲੀਆ 2018 ਅਤੇ ਰਗਬੀ ਵਿਸ਼ਵ ਕੱਪ 2019 (ਜਾਪਾਨ) ਨੂੰ ਖੇਡਾਂ ਦਾ ਸਮਾਨ ਨਿਰਯਾਤ ਕੀਤਾ ਗਿਆ ਸੀ।
ਸੰਗਰੂਰ ਦੀ ਵਿਸ਼ੇਸ਼ਤਾ
ਖੇਤਰਫਲ ਪੱਖੋਂ ਸੰਗਰੂਰ ਪੰਜਾਬ ਦੇ ਦੂਜੇ ਸਭ ਤੋਂ ਵੱਡੇ ਜ਼ਿਲ੍ਹਿਆਂ ਵਿਚੋਂ ਇੱਕ ਹੈ। ਪਿਛਲੇ ਕੁਝ ਸਾਲਾਂ ਤੋਂ ਸੰਗਰੂਰ ਨਿਵੇਸ਼ ਦੇ ਲਿਹਾਜ਼ ਨਾਲ ਇੱਕ ਗਲੋਬਲ ਡੈਸਟੀਨੇਸ਼ਨ ਵਜੋਂ ਉੱਭਰਿਆ ਹੈ।
ਕੁੱਲ ਖੇਤਰਫਲ: 2921 ਵਰਗ ਕਿ.ਮੀ
ਹਵਾਈ ਅੱਡਾ ਕਨੈਕਟੀਵਿਟੀ: ਲੁਧਿਆਣਾ ਹਵਾਈ ਅੱਡਾ 69 ਕਿਲੋਮੀਟਰ, ਚੰਡੀਗੜ੍ਹ ਹਵਾਈ ਅੱਡਾ 107 ਕਿਲੋਮੀਟਰ
ਅੰਤਰਰਾਸ਼ਟਰੀ ਨਿਵੇਸ਼: ਪੈਪਸੀਕੋ
ਘਰੇਲੂ ਨਿਵੇਸ਼: ਇੰਡੀਅਨ ਐਕਰੀਲਿਕਸ, ਐਚਪੀਸੀਐਲ, ਨਾਹਰ ਗਰੁੱਪ ਆਫ਼ ਫਾਈਬਰਸ, ਰਾਇਸਲਾ ਹੈਲਥ ਫੂਡ ਆਦਿ