Punjab news: ਜਲੰਧਰ ’ਚ ਕਰੇਨ ਨੇ ਕੁਚਲਿਆ ਵਿਅਕਤੀ : ਸਿਰ ਤੋਂ ਲੰਘਿਆ ਟਾਇਰ

ਏਜੰਸੀ

ਖ਼ਬਰਾਂ, ਪੰਜਾਬ

Punjab news: ਕਰੇਨ ਦਾ ਡਰਾਈਵਰ ਅਤੇ ਹੈਲਪਰ ਗ੍ਰਿਫ਼ਤਾਰ

Man crushed by crane in Jalandhar: Tire passed over his head

 

Punjab News: ਜਲੰਧਰ ਦੇ ਫੋਕਲ ਪੁਆਇੰਟ ’ਤੇ ਕੰਮ ਤੋਂ ਪਰਤ ਰਹੇ ਮਜ਼ਦੂਰ ਦੀ ਕਰੇਨ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਮਜ਼ਦੂਰ ਫੋਕਲ ਪੁਆਇੰਟ ਸਥਿਤ ਇਕ ਫ਼ੈਕਟਰੀ ਵਿਚ ਕੰਮ ਕਰਦਾ ਸੀ। ਮ੍ਰਿਤਕ ਦੀ ਪਛਾਣ ਦਿਨੇਸ਼ ਨਿਸ਼ਾਦ ਵਾਸੀ ਆਜ਼ਮਗੜ੍ਹ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਚੌਕੀ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿਤਾ ਹੈ। ਕਰੇਨ ਚਾਲਕ ਤੇ ਉਸ ਹੈਲਪਰ ਅਤੇ ਕਰੇਨ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਮ੍ਰਿਤਕ ਦੇ ਦੋਸਤ ਦਿਨੇਸ਼ ਨੇ ਦਸਿਆ ਕਿ ਦੋਵੇਂ ਫੋਕਲ ਪੁਆਇੰਟ ਵਿਚ ਪੱਲੇਦਾਰ ਦਾ ਕੰਮ ਕਰਦੇ ਹਨ। ਰੋਜ਼ ਦੀ ਤਰ੍ਹਾਂ ਉਹ ਕੰਮ ਤੋਂ ਬਾਅਦ ਦੇਰ ਸ਼ਾਮ ਘਰ ਜਾ ਰਿਹਾ ਸੀ। ਉਦੋਂ ਪਿੱਛੇ ਤੋਂ ਇਕ ਕਰੇਨ ਆਈ ਅਤੇ ਉਸ ਦੇ ਦੋਸਤ ਦਿਨੇਸ਼ ਨੂੰ ਟੱਕਰ ਮਾਰ ਦਿਤੀ। ਜਦੋਂ ਤਕ ਦਿਨੇਸ਼ ਨੂੰ ਬਚਾਇਆ ਜਾ ਸਕਿਆ, ਕਰੇਨ ਉਸ ਦੇ ਸਿਰ ਤੋਂ ਲੰਘ ਚੁਕੀ ਸੀ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕਰੇਨ ਚਾਲਕ ਮੌਕੇ ਤੋਂ ਭੱਜਣ ਲੱਗਾ। ਲੋਕਾਂ ਦੀ ਮਦਦ ਨਾਲ ਕਰੇਨ ਚਾਲਕ ਨੂੰ ਫੜ ਲਿਆ ਗਿਆ ਅਤੇ ਪੁਲਿਸ ਨੂੰ ਬੁਲਾਇਆ ਗਿਆ।

ਫੋਕਲ ਪੁਆਇੰਟ ਪੁਲਿਸ ਚੌਕੀ ਇੰਚਾਰਜ ਅਵਤਾਰ ਸਿੰਘ ਨੇ ਦਸਿਆ ਕਿ ਦੇਰ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫੋਕਲ ਪੁਆਇੰਟ ’ਤੇ ਕਰੇਨ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਪਾਰਟੀ ਨੇ ਮੌਕੇ ਤੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਇਸ ਦੌਰਾਨ ਮੌਕੇ ਤੋਂ ਕਰੇਨ ਚਾਲਕ ਅਤੇ ਉਸ ਦੇ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।