Punjab News: ਅੱਪਰ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਦੇ ਗ਼ੈਰ-ਬੋਰਡ ਦੇ ਪੇਪਰ 3 ਮਾਰਚ ਤੋਂ
Punjab News: ਸਿਖਿਆ ਬੋਰਡ ਦੇ ਪੈਟਰਨ ਉਤੇ ਸਕੂਲ ਵਿਚ ਹੀ ਤਿਆਰ ਹੋਣਗੇ ਪ੍ਰਸ਼ਨ-ਪੱਤਰ
ਮੋਹਾਲੀ, (ਸਤਵਿੰਦਰ ਸਿੰਘ ਧੜਾਕ): ਪੰਜਾਬ ਦੇ ਸਕੂਲ ਸਿਖਿਆ ਵਿਭਾਗ ਨੇ ਗ਼ੈਰ-ਬੋਰਡ ਦੀਆਂ ਜਮਾਤਾਂ ਲਈ ਅਕਾਦਮਿਕ ਸਾਲ 2024-25 ਦੇ ਇਮਤਿਹਾਨਾਂ ਦੀ ਪ੍ਰੀਖਿਆਵਾਂ ਵਾਸਤੇ ਡੇਟਸ਼ੀਟ ਜਾਰੀ ਕਰ ਦਿਤੀ ਹੈ। ਸੂਬੇ ਦੇ ਛੇਵੀਂ, ਸੱਤਵੀਂ, ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ 3 ਮਾਰਚ 2025 ਜਦੋਂ ਕਿ ਪਹਿਲੀ ਤੋਂ ਚੌਥੀ ਜਮਾਤ ਦੇ ਪੇਪਰ 17 ਮਾਰਚ ਤੋਂ ਸ਼ੁਰੂ ਹੋਣਗੇ। ਪ੍ਰੀਖਿਆਵਾਂ 21 ਮਾਰਚ ਤਕ ਚਲਣਗੀਆਂ ਜਿਨ੍ਹਾਂ ਦੇ ਨਤੀਜੇ ਹਰ ਹਾਲ ’ਚ 28 ਮਾਰਚ ਤਕ ਤਿਆਰ ਕਰਨੇ ਹੋਣਗੇ।
ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਹੁਕਮ ਦਿਤਾ ਹੈ ਕਿ ਜਾਰੀ ਸਮਾਂ-ਸਾਰਣੀ ਤੇ ਡੇਟਸ਼ੀਟ ਮੁਤਾਬਕ ਹੀ ਪ੍ਰੀਖਿਆਵਾਂ ਕਰਵਾਈਆਂ ਜਾਣ। ਹੁਕਮਾਂ ਅਨੁਸਾਰ ਛੇਵੀਂ, ਸੱਤਵੀਂ ਤੇ ਨੌਵੀਂ ਤੇ ਗਿਆਰ੍ਹਵੀਂ ਜਮਾਤਾਂ ਦੇ ਪ੍ਰਸ਼ਨ-ਪੱਤਰ ਸਕੂਲ ਮੁਖੀ ਖ਼ੁਦ ਵਿਸ਼ਾ ਅਧਿਆਪਕਾਂ ਕੋਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੀ ਤਰਜ਼ ’ਤੇ, ਨਵੇਂ ਪੈਟਰਨ ਅਨੁਸਾਰ ਤਿਆਰ ਕਰਵਾਉਣਗੇ। ਨਤੀਜਿਆਂ ਦਾ ਐਲਾਨ 29 ਮਾਰਚ 2025 ਨੂੰ ਕੀਤਾ ਜਾਵੇਗਾ। ਇਸ ਦੌਰਾਨ ਅਧਿਆਪਕ-ਮਾਪੇ ਮਿਲਣੀ ਵਿਚ ਪ੍ਰਤੀ-ਵਿਦਿਆਰਥੀਆਂ ਸਾਲਾਨਾ ਕਾਗੁਜ਼ਾਰੀ ਦੀ ਰਿਪੋਰਟ ਵੀ ਮਾਪਿਆਂ ਨੂੰ ਦਿਤੀ ਜਾਵੇਗੀ। ਪਹਿਲੀ ਅਤੇ ਤੀਜੀ ਜਮਾਤ ਦੇ ਵਿਦਿਆਰਥੀ 17 ਮਾਰਚ ਨੂੰ ਲਾਜ਼ਮੀ ਪੰਜਾਬੀ ਜਦੋਂ ਕਿ ਦੂਜੀ ਤੇ ਚੌਥੀ ਜਮਾਤ ਦੇ ਵਿਦਿਆਰਥੀ ਗਣਿਤ ਵਿਸ਼ੇ ਦਾ ਇਮਤਿਹਾਨ ਦੇਣਗੇ।
ਪ੍ਰੀਖਿਆ ਸਵੇਰੇ 9.30 ਤੇ ਸ਼ੁਰੂ ਤੇ 12.30 ’ਤੇ ਸਮਾਪਤ ਹੋਵੇਗੀ। ਲਿਖਤੀ ਪੇਪਰ 80 ਅੰਕਾਂ ਦਾ ਰਖਿਆ ਗਿਆ ਹੈ ਜਦੋਂ ਕਿ ਅੰਦਰੂਨੀ ਮੁਲਾਂਕਣ (ਸੀ.ਸੀ.ਈ) ਦੇ 20 ਹੋਣਗੇ। ਇਸੇ ਤਰ੍ਹਾਂ ਛੇਵੀਂ ਜਮਾਤ ਨਾਲ ਸਬੰਧਤ ਵਿਦਿਆਰਥੀ 3 ਮਾਰਚ ਨੂੰ ਸਵੇਰ ਦੇ ਸਮੇਂ ਅਨੁਸਾਰ ਵਿਗਿਆਨ , ਸੱਤਵੀਂ ਸਮਾਜਕ ਸਿਖਿਆ ਤੇ 9ਵੀਂ ਜਮਾਤ ਦੇ ਵਿਦਿਆਰਥੀ ਗਣਿਤ ਦਾ ਪੇਪਰ ਦੇਣਗੇ। ਇਸੇ ਤਰ੍ਹਾਂ ਗਿਆਰ੍ਹਵੀਂ ਜਮਾਤ ਸਾਰੇ ਗਰੁਪਾਂ (ਹਿਊਮੈਨਿਟੀਜ਼,ਸਾਇੰਸ, ਕਾਮਰਸ ਤੇ ਕਾਮਰਸ) ਦੇ ਵਿਦਿਆਰਥੀ ਜਨਰਲ ਅੰਗਰੇਜ਼ੀ ਵਿਸ਼ੇ ਦਾ ਇਮਤਿਹਾਨ ਦੇਣਗੇ। ਹੁਕਮਾਂ ਅਨੁਸਾਰ ਸਾਰੀਆਂ ਜਮਾਤਾਂ ਦੇ ਪ੍ਰਯੋਗੀ ਵਿਸ਼ਿਆਂ ਦਾ ਇਮਤਿਹਾਨ 28 ਫ਼ਰਵਰੀ ਤੋਂ ਪਹਿਲਾਂ ਮੁਕੰਮਲ ਹੋਣਗੇ।