'ਆਪ' ਆਗੂ ਸੰਜੇ ਸਿੰਘ ਨੇ ਅੰਮ੍ਰਿਤਸਰ ਅਦਾਲਤ 'ਚ ਪੇਸ਼ੀ ਭੁਗਤੀ
ਅੰਮ੍ਰਿਤਸਰ ਅਦਾਲਤ 'ਚ ਪੇਸ਼ੀ ਭੁਗਤਣ ਆਏ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਸੰਜੇ ਸਿੰਘ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਕ ਅਹਿਮ..
ਅੰਮ੍ਰਿਤਸਰ, 22 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਅੰਮ੍ਰਿਤਸਰ ਅਦਾਲਤ 'ਚ ਪੇਸ਼ੀ ਭੁਗਤਣ ਆਏ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਸੰਜੇ ਸਿੰਘ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਕ ਅਹਿਮ ਇੰਕਸ਼ਾਫ਼ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਵੀ ਬਿਹਾਰ ਦੀ ਤਰਜ਼ 'ਤੇ ਨਿਤੀਸ਼ ਕੁਮਾਰ ਤੇ ਦੂਸਰਾ ਕਾਂਡ ਵਾਪਰ ਸਕਦਾ ਹੈ : ਭਾਵ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਭਾਜਪਾ ਦੀ ਬਾਂਹ ਫੜ ਸਕਦੇ ਹਨ। ਉਨ੍ਹਾਂ ਦੋਸ਼ਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਪੰਜਾਬ ਵਿਚ ਡਰੱਗਜ਼, ਕਰਜ਼ਾ, ਬੇਰੁਜ਼ਗਾਰੀ ਅਤੇ ਖ਼ੁਦਕੁਸ਼ੀਆਂ ਘੱਟਣ ਦੀ ਥਾਂ ਵਧੀ ਹੈ। ਪਹਿਲਾਂ ਪੰਜਾਬ ਵਿਚ ਸਰਕਾਰ ਸਾਲੇ-ਭਣਵਈਏ (ਸੁਖਬੀਰ ਸਿੰਘ ਬਾਦਲ-ਬਿਕਰਮ ਸਿੰਘ ਮਜੀਠੀਆ) ਦੀ ਸੀ ਤੇ ਹੁਣ ਚਾਚੇ ਭਤੀਜੇ (ਕੈਪਟਨ ਅਮਰਿੰਦਰ ਸਿੰਘ-ਬਿਕਰਮ ਸਿੰਘ ਮਜੀਠੀਆ) ਦੀ ਹਕੂਮਤ ਹੈ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਡਰੱਗਜ਼ ਮਸਲੇ 'ਤੇ ਬਿਕਰਮ ਸਿੰਘ ਮਜੀਠੀਆ ਵਿਰੁਧ ਕਾਰਵਾਈ ਕਿਉਂ ਨਹੀਂ ਕਰ ਰਹੇ ਜਿਸ ਵਿਰੁਧ ਡਰੱਗਜ਼ ਸਮੱਗਲਰ ਜਗਦੀਸ਼ ਸਿੰਘ ਭੋਲਾ ਤੇ ਬਿੱਟੂ ਔਲਖ ਨੇ ਦੋਸ਼ ਲਾਏ ਸਨ ਕਿ ਮਜੀਠੀਆ ਡਰੱਗਜ਼ ਸੌਦਾਗਰ ਹੈ।
ਸੰਜੇ ਸਿੰਘ ਨੇ ਸਿਆਸੀ ਵਿਅੰਗ ਕੱਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਕੋ ਇਕ ਪ੍ਰਾਪਤੀ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਨੂੰ ਖੱਡਾਂ ਦੀ ਨਿਲਾਮੀ 'ਚ ਹਰੀ ਝੰਡੀ ਦਿਵਾਉਣਾ ਹੈ। ਉਨ੍ਹਾ ਨੂੰ ਅਦਾਲਤ 'ਚ ਪੂਰਨ ਭਰੋਸਾ ਹੈ ਤੇ ਉਹ ਅਪਣੇ ਸਟੈਂਡ ਤੇ ਅੱਜ ਵੀ ਕਾਇਮ ਹਨ ਕਿ ਪੰਜਾਬ 'ਚ ਡਰੱਗਜ਼ ਮਜੀਠੀਆ ਦੀ ਬਦੌਲਤ ਵਿਕਦੀ ਰਹੀ ਹੈ ਤੇ ਨਜ਼ਦੀਕੀ ਸਾਂਝ ਅਤੇ ਕਥਿਤ ਸਿਆਸੀ ਮਿਲੀਭੁਗਤ ਕਾਰਨ ਕੈਪਟਨ ਅਮਰਿੰਦਰ ਸਿੰਘ, ਬਿਕਰਮ ਸਿੰਘ ਮਜੀਠੀਆ ਨੂੰ ਹੱਥ ਨਹੀਂ ਪਾ ਰਹੇ। ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਵਿਧਾਨ ਸਭਾ ਚੋਣ ਅਕਾਲੀਆਂ, ਭਾਜਪਾਈਆਂ ਤੇ ਕਾਗਰਸੀਆਂ ਸਿਆਸੀ ਸਮਝੌਤੇ ਤਹਿਤ ਲੜੀਆਂ ਹਨ ਤਾਂ ਜੋ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਵਾਂਝਿਆ ਰੱਖਿਆ ਜਾ ਸਕੇ।
ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਾਇਆ ਕਿ ਉਹ ਭਾਸ਼ਨ ਕਮਾਲ ਦਾ ਕਰਦੇ ਹਨ ਪਰ ਬਹੁ ਗਿਣਤੀ ਭਾਰਤੀਆਂ ਦੀ ਥਾਂ ਧਨਾਢਾਂ ਨੂੰ ਮਾਲੋਮਾਲ ਕਰ ਰਹੇ ਹਨ। ਸੰਜੇ ਸਿੰਘ ਨੇ ਪੰਜਾਬੀਆਂ ਨਾਲ ਵਾਅਦਾ
ਕੀਤਾ ਕਿ 'ਆਪ' ਮਜ਼ਬੂਤ ਵਿਰੋਧੀ ਧਿਰ ਵਜੋਂ ਵਿਚਰੇਗੀ ਤੇ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਲੜੇਗੀ। ਸਿਆਸੀ ਵਿਰੋਧੀ ਬਿਕਰਮ ਸਿੰਘ ਮਜੀਠੀਆ ਵਲੋਂ ਅਦਾਲਤੀ ਕਾਰਵਾਈ ਨਾਲ ਸਬੰਧਤ ਦਸਤਾਵੇਜ਼ ਮੀਡੀਆ ਸਾਹਮਣੇ ਰੂ-ਬ-ਰੂ ਕਰਨ 'ਤੇ ਸੰਜੇ ਸਿੰਘ ਨੇ ਕਿਹਾ ਕਿ ਉਹ ਵਕੀਲ ਦੀ ਰਾਇ ਲੈਣ ਬਾਅਦ ਟਿਪਣੀ ਕਰਨਗੇ। ਇਸ ਮੌਕੇ ਡਾ ਇੰਦਰਬੀਰ ਸਿੰਘ ਨਿੱਝਰ, ਗੁਰਭੇਜ ਸਿੰਘ ਸੰਧੂ, ਸੁਖਜਿੰਦਰ ਸਿੰਘ ਪੰਨੂ, ਕੁਲਦੀਪ ਸਿੰਘ ਧਾਲੀਵਾਲ ਆਦਿ ਮੌਜੂਦ ਸਨ। ਇਸ ਤੋਂ ਇਲਾਵਾ ਸੰਜੇ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਵੀ ਗਏ। ਸੰਜੇ ਸਿੰਘ ਦੀ ਅਗਲੀ ਪੇਸ਼ੀ 28 ਸਤੰਬਰ ਨੂੰ ਪਈ ਹੈ।