ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਕੈਪਟਨ ਸਰਕਾਰ ਨਹੀਂ ਉਤਰੀ ਖਰੀ : ਪ੍ਰਕਾਸ਼ ਸਿੰਘ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਕੈਪਟਨ ਸਰਕਾਰ ਨਹੀਂ ਉਤਰੀ ਖਰੀ : ਪ੍ਰਕਾਸ਼ ਸਿੰਘ ਬਾਦਲ

parkash singh badal

ਚੰਡੀਗੜ੍ਹ:  ਵਿਧਾਨ ਸਭਾ ਬਜਟ ਇਜਲਾਸ ਦੇ ਅੱਜ ਦੂਜੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਸਰਕਾਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੀ ਪਾਰਟੀ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ, ਉਸ ਨੂੰ ਸਰਕਾਰ ਵਿਚ ਰਹਿਣ ਦਾ ਹੱਕ ਨਹੀਂ। ਉਨ੍ਹਾਂ ਇਸ ਬਾਬਤ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ। ਪ੍ਰਕਾਸ਼ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੂੰ ਅਪਣੇ ਸਾਰੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਤੇ ਅਕਾਲੀ-ਭਾਜਪਾ ਸਰਕਾਰ ਵਲੋਂ ਕੀਤੇ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਸਰਕਾਰ ਦੇ ਵਾਰ-ਵਾਰ ਖ਼ਜ਼ਾਨਾ ਖਾਲੀ ਹੈ, ਕਹਿਣ ‘ਤੇ ਆਲੋਚਨਾ ਵੀ ਕੀਤੀ।

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਰਕਾਰ ਵਿਰੁਧ ਕਾਲੇ ਚੋਲ਼ੇ ਪਾ ਕੇ ਕਿਸਾਨਾਂ ਤੇ ਮਜ਼ਦੂਰਾਂ ਦਾ ਪੂਰਾ ਕਰਜ਼ਾ ਮਾਫ ਕਰਨ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਵੀ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਕਿ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਹੁਣ ਭੱਜ ਰਹੀ ਹੈ। ਦਸ ਦਈਏ ਕਿ ਅਕਾਲੀ ਦਲ ਵਲੋਂ ਪਾਏ ਰੌਲ਼ੇ ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਵੀ ਕੀਤੀ ਗਈ। ਅਕਾਲੀਆਂ ਨੇ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਤੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ।