ਹਰਜੀਤ ਮਸੀਹ ਨੇ ਅੱਖੀਂ ਦੇਖਿਆ ਸੀ ਮੌਤ ਦਾ ਤਾਂਡਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਜੀਤ ਮਸੀਹ ਨੇ ਅੱਖੀਂ ਦੇਖਿਆ ਸੀ ਮੌਤ ਦਾ ਤਾਂਡਵ

Harjeet Masih

ਤਿੰਨ ਸਾਲ ਪਹਿਲਾਂ ਇਰਾਕ ਵਿਚ 40 ਭਾਰਤੀਆਂ ਨੂੰ ਅਗ਼ਵਾ ਕਰ ਲਿਆ ਸੀ ਜਿਨ੍ਹਾਂ ਵਿਚੋਂ 39 ਭਾਰਤੀਆਂ ਨੂੰ ਆਈ.ਐਸ.ਆਈ.ਐਸ ਦੇ ਅਤਿਵਾਦੀਆਂ ਨੇ ਮਾਰ ਦਿਤਾ ਸੀ। ਉਨ੍ਹਾਂ ਵਿਚੋਂ ਇਕ ਭਾਰਤੀ ਮਜ਼ਦੂਰ ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਦੇ ਸ਼ਿਕੰਜੇ 'ਚੋਂ ਨਿਕਲ ਕੇ ਭੱਜ ਗਿਆ ਸੀ। ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਇਸ ਗੱਲ ਨੂੰ ਸੰਸਦ ‘ਚ ਮੰਨ ਚੁਕੇ ਹਨ। ਪਿਛਲੇ ਸਾਲ ਇਕ ਇੰਟਰਵਿਊ ‘ਚ ਹਰਜੀਤ ਮਸੀਹ ਨੇ ਦਸਿਆ ਸੀ ਕੇ ਕਿਵੇਂ ਉਹ ਖੌਫ਼ਨਾਕ ਦਰਿੰਦਿਆਂ ਦੇ ਹੱਥੋਂ ਬਚ ਨਿਕਲਿਆ ਸੀ।

ਹਰਜੀਤ ਨੇ ਦਸਿਆ ਕਿ ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਸੀ। ਇਸ ਲਈ ਉਹ ਪੈਸੇ ਕਮਾਉਣ ਲਈ ਇਰਾਕ ਚਲਾ ਗਿਆ ਸੀ। ਸ਼ੁਰੂ ਦੇ 11 ਮਹੀਨੇ ਤਾਂ ਵਧੀਆ ਗੁਜ਼ਰੇ ਸਨ ਤੇ ਕੋਈ ਦਿੱਕਤ ਨਹੀਂ ਆਈ। ਇਕ ਦਿਨ ਜ਼ਬਰਦਸਤ ਧਮਾਕਿਆਂ ਦੀ ਆਵਾਜ਼ ਸੁਣੀ। ਪਤਾ ਲਗਿਆ ਕਿ ਨਾਲ ਦੇ ਇਲਾਕੇ ‘ਚ ਅਮਰੀਕੀ ਫ਼ੌਜ ਨੇ ਹਵਾਈ ਹਮਲਾ ਕੀਤਾ ਹੈ। ਲੋਕ ਉਸ ਇਲਾਕੇ ਨੂੰ ਛੱਡ ਕੇ ਦੂਸਰੀ ਜਗ੍ਹਾ 'ਤੇ ਜਾਣ ਲੱਗੇ ਸਨ। ਉਥੇ ਮੋਸੂਲ ‘ਚ ਸਿਰਫ਼ ਅਸੀਂ ਭਾਰਤੀ ਅਤੇ ਬੰਗਲਾ ਦੇਸ਼ ਦੇ ਮਜ਼ਦੂਰ ਕੰਮ ਕਰਨ ਲਈ ਰੁਕੇ ਰਹੇ। ਇਸ ਤੋਂ ਬਾਅਦ ਸਾਡਾ ਬਹੁਤ ਹੀ ਜਲਦ ਆਈ.ਐਸ.ਆਈ.ਐਸ ਦੇ ਜੱਲਾਦਾਂ ਨਾਲ ਵੀ ਸਾਹਮਣਾ ਹੋ ਗਿਆ। ਅਤਿਵਾਦੀ ਸਾਡੇ ਕੰਮ ਕਰਨ ਵਾਲੀ ਜਗ੍ਹਾ 'ਤੇ ਪਹੁੰਚੇ। ਦੁਪਹਿਰ ਦੇ ਕਰੀਬ 12 ਵਜ ਰਹੇ ਹੋਣਗੇ। ਉਸ ਸਮੇਂ ਕੰਪਨੀ ‘ਚ ਖਾਣਾ ਦੇਣ ਵਾਲਾ ਆਇਆ। ਅਸੀਂ ਉਸ ਨੂੰ ਘੇਰ ਲਿਆ ਅਤੇ ਕਿਹਾ ਕਿ ਸਾਨੂੰ ਪੈਸੇ ਦੇਵੇ ਅਸੀਂ ਹੁਣ ਇਥੇ ਕੰਮ ਨਹੀਂ ਕਰਾਂਗੇ।

ਹਰਜੀਤ ਮੁਤਾਬਕ ਉਨ੍ਹਾਂ ‘ਚੋਂ ਦੋ ਬੰਗਲਾ ਦੇਸ਼ੀ ਮਜ਼ਦੂਰ ਆਈ.ਐਸ.ਆਈ.ਐਸ ਕੋਲ ਚਲੇ ਗਏ। ਫਿਰ ਰਾਤ ਦੇ ਲਗਭਗ 9 ਵਜੇ ਆਈ.ਐਸ.ਆਈ.ਐਸ ਦੇ ਕੁੱਝ ਲੋਕ ਸਾਡੇ ਕੋਲ ਆਏ। ਉਹ ਉਥੇ 10–15 ਮਿੰਟ ਰੁਕੇ ਅਤੇ ਕਿਹਾ ਕਿ ਅਪਣੇ ਬੈਗ ਲੈ ਕੇ ਸਾਡੇ ਨਾਲ ਚਲੋ, ਅਸੀਂ ਤੁਹਾਨੂੰ ਤੁਹਾਡੇ ਦੇਸ਼ ਭੇਜ ਦੇਵਾਂਗੇ। ਅਸੀਂ ਸਾਰੇ ਬਹੁਤ ਡਰੇ ਹੋਏ ਸੀ। ਅਸੀਂ ਆਪਸ ‘ਚ ਗੱਲ ਬਾਤ ਕੀਤੀ ਅਤੇ ਫ਼ੈਸਲਾ ਕੀਤਾ ਕਿ ਇਹ ਜਿਵੇਂ ਕਹਿ ਰਹੇ ਹਨ, ਕਰਦੇ ਹਾਂ ਨਹੀਂ ਤਾਂ ਸਾਨੂੰ ਮਾਰ ਦੇਣਗੇ।

11 ਜੂਨ 2014 ਨੂੰ ਅਤਿਵਾਦੀ ਮਜਦੂਰਾਂ ਨੂੰ ਅਗ਼ਵਾ ਕਰ ਕੇ ਸ਼ਹਿਰ ਦੀ ‘ਅਲ ਕੁਦੁਸ ‘ ਬਿਲਡਿੰਗ ‘ਚ ਲੈ ਗਏ। ਹਾਲਾਂਕਿ ਬਿਲਡਿੰਗ 'ਤੇ ਹਵਾਈ ਹਮਲਾ ਹੋਣ ਕਾਰਨ ਅਤਿਵਾਦੀਆਂ ਦਾ ਮਜ਼ਦੂਰਾਂ ਨੂੰ ਇਥੇ ਰੱਖਣ ਦੀ ਯੋਜਨਾ ਕਾਮਯਾਬ ਨਹੀਂ ਹੋਈ। 12 ਜੂਨ 2014 ਨੂੰ ਅਤਿਵਾਦੀ ਮਜ਼ਦੂਰਾਂ ਨੂੰ ਅਲ ਮਸੂਰ ਦੇ ਇੰਡਸਟਰੀਅਲ ਏਰੀਏ ‘ਚ ਲੈ ਗਏ। ਦੋ ਦਿਨ ਬਾਅਦ ਅਤਿਵਾਦੀਆਂ ਨੇ ਭਰਤੀਆਂ ਅਤੇ ਬੰਗਲਾ ਦੇਸ਼ੀਆਂ ਨੂੰ ਅਲੱਗ ਹੋਣ ਨੂੰ ਕਿਹਾ। ਹਰਜੀਤ ਮੁਤਾਬਕ ਉਨ੍ਹਾਂ ਨੇ ਬੰਗਲਾ ਦੇਸ਼ੀਆਂ ਨੂੰ ਛੱਡ ਦਿਤਾ ਸ਼ਾਇਦ ਉਹ ਮੁਸਲਮਾਨ ਸਨ, ਨਮਾਜ਼ ਪੜ੍ਹਦੇ ਸਨ ਇਸ ਲਈ।

ਇਸ ਤੋਂ ਬਾਅਦ 15 ਜੂਨ 2014 ਨੂੰ ਅਤਿਵਾਦੀ ਇਕ ਵੈਨ ‘ਚ ਬੰਦ ਕਰ ਕੇ ਸਾਰੇ 40 ਭਾਰਤੀ ਮਜ਼ਦੂਰਾਂ ਨੂੰ ਇਕ ਅਣਜਾਣ ਪਹਾੜੀ 'ਤੇ ਲੈ ਗਏ। ਇਸ ਤੋਂ ਬਾਅਦ ਸਾਨੂੰ ਇਕ ਲਾਈਨ ‘ਚ ਖੜੇ ਕਰ ਕੇ ਗੋਡਿਆਂ ਭਾਰ ਬੈਠਣ ਨੂੰ ਕਿਹਾ ਗਿਆ। ਫਿਰ ਇਕ ਦਮ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿਤੀ। ਕਰੀਬ ਦੋ ਮਿੰਟ ਤਕ ਗੋਲੀਆਂ ਚਲਦੀਆਂ ਰਹੀਆਂ। ਇਕ-ਇਕ ਕਰ ਕੇ ਲੋਕ ਜ਼ਮੀਨ 'ਤੇ ਡਿਗਦੇ ਗਏ। ਇਕ ਗੋਲੀ ਮੇਰੇ ਪੈਰ 'ਤੇ ਵੱਜੀ ਤੇ ਮੈਂ ਡਿਗ ਗਿਆ ਪਰ ਮਰਨ ਦਾ ਨਾਟਕ ਕਰਦਾ ਰਿਹਾ। ਅਤਿਵਾਦੀਆਂ ਦੇ ਡਰ ਨਾਲ ਮੈਂ ਕਈ ਘੰਟੇ ਉਥੇ ਹੀ ਪਿਆ ਰਿਹਾ। ਫਿਰ ਕਿਸੇ ਤਰਾਂ ਉਥੋਂ ਭੱਜ ਆਇਆ।